ਬੀਜਿੰਗ-ਭਾਰਤ ਤੇ ਚੀਨ ਨੇ ਅਗਲੇ ਵਰ੍ਹਿਆਂ ਦੌਰਾਨ ਦੁਵੱਲੇ ਵਪਾਰ ਵਿਚ ਵੱਡਾ ਵਾਧਾ ਕਰਨ ਦਾ ਟੀਚਾ ਮਿਥਿਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਨੇ ਚੀਨ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਆਗਾਮੀ ਤਿੰਨ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਨੇ ਦੁਵੱਲਾ ਵਪਾਰ 100 ਅਰਬ ਡਾਲਰ ਤਕ ਲਿਜਾਣ ਦਾ ਨਿਸ਼ਾਨਾ ਮਿਥਿਆ ਹੈ। ਇਥੇ ਭਾਰਤੀ ਦੂਤਘਰ ਦਾ ਉਦਘਾਟਨ ਕਰਨ ਪੁੱਜੇ ਸ੍ਰੀ ਕ੍ਰਿਸ਼ਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਰਥਿਕ ਅਤੇ ਵਪਾਰਕ ਖੇਤਰ ਵਿਚ ਪਿਛਲੇ ਸਮੇਂ ਦੌਰਾਨ ਜਿਹੜੀ ਰਣਨੀਤੀ ਭਾਰਤ ਤੇ ਚੀਨ ਨੇ ਅਪਣਾਈ ਸੀ, ਉਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸੇ ਦੌਰਾਨ ਐੱਸ. ਐੱਮ. ਕ੍ਰਿਸ਼ਨਾ ਨੇ ਮਕਬੂਜ਼ਾ ਕਸ਼ਮੀਰ ਵਿਚ ਚੀਨ ਦੀ ਫ਼ੌਜ ਦਾ ਮੁੱਦਾ ਉਠਾਇਆ। ਉਨ੍ਹਾਂ ਚੀਨ ਦੇ ਵਿਦੇਸ਼ ਮੰਤਰੀ ਸਮੇਤ ਚਾਰ ਆਗੂਆਂ ਨਾਲ ਮੀਟਿੰਗ ਸਮੇਂ ਦੱਸਿਆ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਕਸ਼ਮੀਰੀ ਹਿੱਸੇ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਇਸ ਕਰਕੇ ਉਥੇ ਚੀਨ ਦੀ ਫ਼ੌਜ ਦਾ ਜਾਣਾ ਵਾਜਿਬ ਨਹੀਂ ਹੈ। ਸ੍ਰੀ ਕ੍ਰਿਸ਼ਨਾ ਨੇ
ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਦੇ ਆਗੂਆਂ ਨੇ ਇਸ ਮੁੱਦੇ ਪ੍ਰਤੀ ਗੰਭੀਰਤਾ ਦਿਖਾਈ। ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਦੇ ਮੁਖੀ ਜਨਰਲ ਵੀ. ਕੇ ਸਿੰਘ ਨੇ ਬੀਤੇ ਦਿਨ ਕਿਹਾ ਸੀ ਕਿ ਮਕਬੂਜ਼ਾ ਕਸ਼ਮੀਰ ਵਿਚ ਚੀਨ ਦੇ 4000 ਫ਼ੌਜੀ ਜਵਾਨ ਮੌਜੂਦ ਹਨ। ਇਸੇ ਦੌਰਾਨ ਐੱਸ. ਐੱਮ. ਕ੍ਰਿਸ਼ਨਾ ਨੇ ਦਸੰਬਰ ਮਹੀਨੇ ਚੀਨ ਵਿਚ ਫੜੇ ਗਏ ਭਾਰਤੀ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।