ਇਸਲਾਮਾਬਾਦ-ਪਕਿਸਤਾਨ ਦੇ ਅਧਿਕਾਰੀਆਂ ਨੇ ਬਾਲੀਵੁੱਡ ਦੇ ਉੱਘੇ ਅਦਾਕਾਰ ਦਲੀਪ ਕੁਮਾਰ ਦੇ ਪਿਸ਼ਾਵਰ (ਪਾਕਿਸਤਾਨ) ਵਿਚ ਸਥਿਤ ਜੱਦੀ ਘਰ ਨੂੰ 3 ਕਰੋੜ ‘ਚ ਖਰੀਦ ਲਿਆ ਹੈ ਤੇ ਨਾਲ ਹੀ ਇਸ ਘਰ ਨੂੰ ਵਿਰਾਸਤੀ ਜਗ੍ਹਾ ਦਾ ਦਰਜਾ ਦੇਣ ਦਾ ਐਲਾਨ ਕਰ ਦਿੱਤਾ। ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਕਿੱਸਾ ਖਵਾਨੀ ਬਾਜ਼ਾਰ ਪਿਸ਼ਾਵਰ ਦੇ ਮੁਹੱਲਾ ਖੁਦਾਦਾਦ ‘ਚ ਹੋਇਆ ਸੀ। ਖੈਬਰ-ਪਖਤੂਨਖਵਾ ਸੂਬੇ ਦੇ ਸੱਭਿਆਚਾਰਕ ਵਿਭਾਗ ਨੇ ਦਲੀਪ ਕੁਮਾਰ ਦਾ ਜੱਦੀ ਘਰ ਉਸ ਦੇ ਮੌਜੂਦਾ ਮਾਲਕ ਕੋਲੋਂ 3 ਕਰੋੜ ‘ਚ ਖਰੀਦਿਆ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ਜਿਸ ‘ਚ ਕਿ 6 ਕਮਰੇ ਹਨ, ਦੀ ਮੁਰੰਮਤ ਦੋ ਮਹੀਨਿਆਂ ‘ਚ ਸ਼ੁਰੂ ਹੋ ਜਾਵਗੀ ਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਦਲੀਪ ਕੁਮਾਰ ਦੇ ਰਿਸ਼ਤੇਦਾਰ ਇਸ ਮਕਾਨ ‘ਚ ਅੱਠ ਸਾਲ ਪਹਿਲਾਂ ਤੱਕ ਰਹਿ ਰਹੇ ਸੀ ਤੇ ਉਨ੍ਹਾਂ ਨੇ ਇਹ ਮਕਾਨ 56 ਲੱਖ ‘ਚ ਵੇਚ ਦਿੱਤਾ ਸੀ। ਪਾਕਿਸਤਾਨ ਦੇ ਇਕ ਚੈਨਲ ‘ਤੇ ਇਸ ਘਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਜਿਸ ‘ਚ ਘਰ ਦੀ ਹਾਲਤ ਕਾਫੀ ਖਸਤਾ ਦਿਖਾਈ ਦੇ ਰਹੀ ਸੀ। ਖੈਬਰ-ਪਖਤੂਨਖਵਾ ਸੂਬੇ ਦੇ ਸੂਚਨਾ ਮੰਤਰੀ ਮੀਆਂ ਇਫਤਿਖਾਰ ਹੁਸੈਨ ਨੇ ਦਸੰਬਰ ‘ਚ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਿਸ਼ਾਵਰ ‘ਚ ਸਥਿਤ ਦਲੀਪ ਕੁਮਾਰ ਤੇ
ਰਾਜ ਕਪੂਰ ਦੇ ਘਰਾਂ ਨੂੰ ਹਾਸਲ ਕੀਤਾ ਜਾਏ। ਅੱਜ ਹੁਸੈਨ ਨੇ ਦੱਸਿਆ ਕਿ ਦੋਵਾਂ ਘਰਾਂ ਦੀਆਂ ਇਮਾਰਤਾਂ ਨੂੰ ਰਾਸ਼ਟਰੀ ਵਿਰਾਸਤੀ ਜਗ੍ਹਾ ਦੀ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਦੋਵਾਂ ਅਦਾਕਾਰਾਂ ਦਾ ਜਨਮ ਪਿਸ਼ਵਾਰ ‘ਚ ਹੋਇਆ। ਇਸੇ ਦੌਰਾਨ ਬਾਲੀਵੁੱਡ ਅਦਾਕਾਰ ਦਲੀਪ ਕੁਮਾਰ ਨੇ ਆਪਣੇ ਬਲਾਗ ‘ਚ ਲਿਖਿਆ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਅਧਿਕਾਰੀਆਂ ਦੇ ਇਸ ਫੈਸਲੇ ਤੋਂ ਕਾਫੀ ਹੈਰਾਨਗੀ ਹੋਈ ਕਿ ਉਹ ਉਨ੍ਹਾਂ ਦੇ ਜੱਦੀ ਘਰ ਨੂੰ ਵਿਰਾਸਤੀ ਜਗ੍ਹਾ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿ ਸਥਿਤ ਉਨ੍ਹਾਂ ਦੇ ਜੱਦੀ ਘਰ ਨਾਲ ਉਨ੍ਹਾਂ ਦੀਆਂ ਕਾਫੀ ਯਾਦਾਂ ਜੁੜੀਆਂ ਹੋਈਆਂ ਹਨ। ਪ੍ਰਿਥਵੀਰਾਜ ਕਪੂਰ ਦੇ ਪੁੱਤਰ ਰਾਜ ਕਪੂਰ ਦਾ ਜਨਮ ਵੀ ਪਿਸ਼ਾਵਰ ਵਿਖੇ ਹੋਇਆ ਸੀ। ਪ੍ਰਿਥਵੀ ਰਾਜ ਕਪੂਰ ਦੇ ਘਰ ਦੀ ਪੰਜ ਮੰਜ਼ਿਲਾ ਇਮਾਰਤ ਦਾ ਉਪਰਲਾ ਹਿੱਸਾ ਕੁਝ ਸਾਲ ਪਹਿਲਾਂ ਨਸ਼ਟ ਹੋ ਗਿਆ ਸੀ ਪਰ ਇਸ ਇਮਾਰਤ ਦੇ 60 ਕਮਰੇ ਅਜੇ ਵੀ ਮੌਜੂਦ ਹਨ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਦੇ ਕੁਝ ਰਿਸ਼ਤੇਦਾਰ ਵੀ ਪਿਸ਼ਵਾਰ ਵਿਖੇ ਰਹਿ ਰਹੇ ਹਨ।