ਵਾਸ਼ਿੰਗਟਨ-: ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਸਿੱਖਾਂ ਦੇ ਇਕ ਉਸਾਰੀ ਤਹਿਤ ਗੁਰਦਵਾਰੇ ‘ਚ ਸ਼ਰਾਰਤੀ ਲੋਕਾਂ ਨੇ ਭੰਨਤੋੜ ਕਰ ਕੇ ਗੁਰਦਵਾਰੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕੁੱਝ ਟਿਪਣੀਆਂ ਵੀ ਲਿਖੀਆਂ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਮੁਸਲਮਾਨਾਂ ਵਿਰੁਧ ਵੀ ਟਿਪਣੀਆਂ ਇਸ ਇਮਾਰਤ ‘ਤੇ ਲਿਖੀਆਂ ਗਈਆਂ। ਗੁਰਦਵਾਰੇ ਨਾਲ ਸਬੰਧਤ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦਸਿਆ ਕਿ ਮਿਸ਼ੀਗਨ ਦੇ ਸਟਰ¦ਿਗ ਹਾਈਟਸ ਸਿਟੀ ਸਥਿਤ ਗੁਰਦਵਾਰੇ ਵਿਚ ਤੋੜ-ਫੋੜ ਦੀ ਇਹ ਘਟਨਾ 5 ਫ਼ਰਵਰੀ ਨੂੰ ਅੰਜਾਮ ਦਿਤੀ ਗਈ ਜਿਸ ਤੋਂ ਬਾਅਦ ਇਲਾਕੇ ਵਿਚ ਸਿੱਖਾਂ ਅੰਦਰ ਗੁੱਸੇ ਅਤੇ ਰੋਸ ਦੀ ਲਹਿਰ ਫੈਲ ਗਈ। ਗੁਰਦਵਾਰਾ ਪ੍ਰਬੰਧਕ ਕਮੇਟੀ ਅਨੁਸਾਰ ਇਹ ਘਟਨਾ ਸਿੱਖਾਂ ਅੰਦਰ ਤਣਾਅ ਅਤੇ ਗੁੱਸੇ ਦਾ ਕਾਰਨ ਬਣੀ ਹੈ। ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਭੰਨਤੋੜ ਕਰਨ ਵਾਲਿਆਂ ਦਾ ਇਰਾਦਾ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸੀ। ਸਿੱਖ ਅਮਰੀਕਨ ਲੀਗਲ ਡਿਫ਼ੈਂਸ ਅਤੇ ਐਜੂਕੇਸ਼ਨ ਫ਼ੰਡ ਦੇ ਬੁਲਾਰੇ ਨੇ ਕਿਹਾ ਕਿ ਭੰਨਤੋੜ ਕਰਨ ਵਾਲਿਆਂ ਨੇ ਜੋ ਵੀ ਲਿਖਤਾਂ ਗੁਰਦਾਵਰੇ ਦੀ ਇਮਾਰਤ ਉਤੇ ਲਿਖੀਆਂ ਹਨ, ਉਨ੍ਹਾਂ ਵਿਚ ਗ਼ੈਰ ਸਭਿਅਕ ਭਾਸ਼ਾ ਅਤੇ ਨਸਲੀ ਭਾਵਨਾਵਾਂ ਤੋਂ ਪ੍ਰੇਰਤ ਸ਼ਬਦਾਂ ਦੀ
ਵਰਤੋਂ ਕੀਤੀ ਗਈ ਹੈ। ਐਨਾ ਹੀ ਨਹੀਂ ਜਿਨ੍ਹਾਂ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ, ਉਨ੍ਹਾਂ ਵਲੋਂ ਗੁਰਦਵਾਰੇ ਦੀ ਇਮਾਰਤ ਉਤੇ ਇਕ ਵੱਡੀ ਸਾਰੀ ਬੰਦੂਕ ਦੀ ਤਸਵੀਰ ਵੀ ਬਣਾ ਦਿਤੀ ਜਿਸ ਦਾ ਸਬੰਧ 9/11 ਹਮਲਿਆਂ ਨਾਲ ਜੁੜਿਆ ਹੋਇਆ ਦਸਿਆ ਗਿਆ ਹੈ। ਸਿੱਖਾਂ ਦੇ ਗੁਰਦਵਾਰੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਅਤੇ ਧਾਰਮਕ ਭਾਵਨਾਵਾਂ ਵਿਰੁਧ ਟਿਪਣੀਆਂ ਕਰਨ ਬਾਰੇ ਕੌਂਸਲ ਆਨ ਅਮਰੀਕਨ ਇਸਲਾਮਿਕ ਰਿਲੇਸ਼ਨਜ਼ ਦੀ ਮਿਸ਼ੀਗਨ ਇਕਾਈ ਅਤੇ ਅਮਰੀਕਨ ਜੇਵਿਸ਼ ਕਮੇਟੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਕਮੇਟੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਵੱਖ-ਵੱਖ ਧਰਮਾਂ ਵਿਚ ਵਿਤਕਰਾ ਪੈਦਾ ਕਰਨ ਦੇ ਉਪਰਾਲੇ ਕਰਨ ਵਾਲਿਆਂ ਦੇ ਮਨਸੂਬੇ ਸਫ਼ਲ ਨਹੀਂ ਹੋਣਗੇ। ਕਮੇਟੀ ਨੇ ਕਿਹਾ ਕਿ ਕੁੱਝ ਲੋਕ ਅਪਣੀ ਬੀਮਾਰ ਮਾਨਸਿਕਤਾ ਕਾਰਨ ਅਜਿਹੇ ਕੰਮਾਂ ਨੂੰ ਅੰਜਾਮ ਦਿੰਦੇ ਹਨ ਜਿਨ੍ਹਾਂ ਪਿੱਛੇ ਕੋਈ ਉਸਾਰੂ ਪਹੁੰਚ ਜਾਂ ਨਿਸ਼ਾਨਾ ਨਹੀਂ ਹੁੰਦਾ।