Latest News

WORLD NEWS

Share this post

image
ਵਤਨ ਵਾਪਸੀ ਦਾ ਰਾਹ ਹੋਇਆ ਪੱਧਰਾ
ਰਾਜਾਸਾਂਸੀ-ਇਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਯਾਫਤਾ 17 ਪੰਜਾਬੀ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ 26 ਜਨਵਰੀ 2009 ਨੂੰ ਪਾਕਿ ਨਾਗਰਿਕ ਮਿਸ਼ਰੀ ਖਾਂ ਦੇ ਦੁਬਈ ‘ਚ ਹੋਏ ਕਤਲ ਸਬੰਧੀ ਦੋਸ਼ੀ ਮੰਨੇ ਗਏ 17 ਭਾਰਤੀ ਨੌਜਵਾਨਾਂ ਨੂੰ ਹੋਈ ਫਾਂਸੀ ਦੀ ਸਜ਼ਾ ਤੋਂ ਜਾਨ ਬਖਸ਼ੀ ਲਈ ਉੱਘੇ ਭਾਰਤੀ ਉਦਯੋਗਪਤੀ ਸ: ਐਸ. ਪੀ. ਸਿੰਘ ਓਬਰਾਏ ਦੇ ਅਥਾਹ ਯਤਨਾਂ ਸਦਕਾ ਮ੍ਰਿਤਕ ਦੇ ਵਾਰਿਸਾਂ ਵੱਲੋਂ ਜਾਨ ਬਦਲੇ ਰਕਮ (ਬਲੱਡ ਮਨੀ) ਲੈਣ ਲਈ ਰਾਜ਼ੀ ਹੋ ਜਾਣ ਕਾਰਨ ਮਾਣਯੋਗ ਅਦਾਲਤ ਵੱਲੋਂ ਕਥਿਤ ਦੋਸ਼ੀਆਂ ਦੀ ਮੌਤ ਦੀ ਸਜ਼ਾ ਰੱਦ ਕਰਦਿਆਂ ਰਿਹਾਈ ਦੇ ਹੁਕਮ ਦੇ ਦਿੱਤੇ ਸਨ, ਪਰ ਮ੍ਰਿਤਕ ਦੇ ਸਾਥੀ ਮੁਸ਼ਤਾਕ ਜੋ ਕਿ ਘਟਨਾ ਦੌਰਾਨ ਜ਼ਖ਼ਮੀਂ ਹੋ ਗਿਆ ਸੀ ਵੱਲੋਂ ਹਰਜ਼ਾਨੇ ਦੀ ਮੰਗ ਕਰਨ ਨਾਲ ਉਕਤ ਭਾਰਤੀਆਂ ਦੀ ਰਿਹਾਈ ਐਨ ਮੌਕੇ ਅਦਾਲਤ ਵੱਲੋਂ ਮੁਲਤਵੀ ਕਰ ਦਿੱਤੀ ਗਈ ਸੀ। ਇਸ ਸਬੰਧੀ ਕਾਰਵਾਈ ਦੇ ਚਲਦਿਆਂ ਫ਼ੈਸਲੇ ਦਾ ਦਿਨ ਸੀ ਜੋ ਕਿ ਉਕਤ ਨੌਜਵਾਨਾਂ ਲਈ ਖ਼ੁਸ਼ੀ ਦਾ ਸੁਨੇਹਾ ਹੋ ਨਿੱਬੜਿਆ ਅਤੇ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਬਰੀ ਕਰਨ ਦੇ ਹੁਕਮ ਦੇ ਦਿੱਤੇ ਗਏ। ਸੰਯੁਕਤ ਅਰਬ ਅਮੀਰਾਤ ਦੀ ਮਾਣਯੋਗ ਅਪੀਲ ਅਦਾਲਤ, ਜਿਸ ਦੇ ਨਿਆਂ ਪੈਨਲ ‘ਚ ਮੁੱਖ ਜੱਜ ਮੁਹੰਮਦ ਅਲ ਕਾਰਨਵੀ ਤੋਂ ਇਲਾਵਾ ਮੁਹੰਮਦ ਅਲ ਫਤਹਿ ਅਤੇ ਮੁਹੰਮਦ ਅਬਦੁੱਲ ਰਹੀਮ ਅਲ ਫੀਲ ਸ਼ਾਮਿਲ ਸਨ,

ਨੇ  ਇਥੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਉਕਤ ਕੇਸ ‘ਚ ਸ਼ਾਮਿਲ ਦੋਸ਼ੀਆਂ ‘ਤੇ ਸ਼ਰਾਬ ਵੇਚਣ ਅਤੇ ਪੀਣ ਦੇ ਦੋਸ਼ ਸਾਬਤ ਹੁੰਦਿਆਂ 6 ਮਹੀਨੇ ਕੈਦ ਦੀ ਸਜ਼ਾ ਸੁਣਾਈ। ਜਿਵੇਂ ਕਿ ਉਨ੍ਹਾਂ ਨੂੰ ‘ਬਲੱਡ ਮਨੀ‘ ਦੇਣ ਉਪਰੰਤ ਮਾਣਯੋਗ ਸਰਵ ਉੱਚ ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਉਸ ਸਮੇਂ ਤੱਕ ਉਹ ਤਿੰਨ ਸਾਲ ਕੈਦ ਕੱਟ ਚੁੱਕੇ ਸਨ। ਅੱਜ ਹੋਈ 6 ਮਹੀਨੇ ਦੀ ਸਜ਼ਾ ਉਸ ਦੋ ਸਾਲ ਸਜ਼ਾ ਵਿਚ ਮਿਲਾ ਕੇ ਵੀ, ਉਨ੍ਹਾਂ ਵੱਲੋਂ ਪਹਿਲਾਂ ਹੀ ਭੁਗਤੀ ਤਿੰਨ ਸਾਲ ਦੀ ਸਜ਼ਾ ਨਾਲੋਂ ਘੱਟ ਸਮਾਂ ਬਣਦਾ ਸੀ। ਇਸ ਕਾਰਨ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਉਸੇ ਸਮੇਂ ਬਰੀ ਕਰਨ ਦਾ ਹੁਕਮ ਦਿੱਤਾ। ਮਾਣਯੋਗ ਅਦਾਲਤ ‘ਚ ਸਰਕਾਰੀ ਵਕੀਲ ਅਨਵਰ ਹਰ ਅਲ ਮੂਡੀ ਵੱਲੋਂ ਜਿਰਾਹ ਕੀਤੀ ਗਈ ਪਰ ਮਾਣਯੋਗ ਅਦਾਲਤ ਨੇ ਫ਼ੈਸਲਾ ਨੌਜਵਾਨਾਂ ਦੇ ਹੱਕ ‘ਚ ਦਿੱਤਾ। ਜ਼ਿਕਰਯੋਗ ਹੈ ਕਿ ਇਸ ਸਬੰਧੀ 27 ਜੁਲਾਈ 2011 ਨੂੰ ਸ: ਓਬਰਾਏ ਵੱਲੋਂ ਮ੍ਰਿਤਕ ਦੇ ਵਾਰਿਸਾਂ ਨੂੰ 8 ਕਰੋੜ ਰੁਪਏ ਹਰਜਾਨੇ ਵਜੋਂ ਦਿੱਤੇ ਗਏ ਸਨ, ਜਿਸ ਨੂੰ 12 ਸਤੰਬਰ 2011 ਨੂੰ ਮਾਣਯੋਗ ਅਦਾਲਤ ਨੇ ਮਾਨਤਾ ਦਿੱਤੀ ਅਤੇ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਤੋਂ ਮੁਕਤੀ ਮਿਲੀ। ਇਸ ਕੇਸ ‘ਚ ਹੁਣ ਤੱਕ ਤਕਰੀਬਨ 20 ਤਰੀਕਾਂ ਪੈ ਚੁੱਕੀਆਂ ਸਨ, ਜਿਸ ਮਗਰੋਂ ਅੱਜ ਉਕਤ ਨੌਜਵਾਨਾਂ ਨੂੰ ਸਪੱਸ਼ਟ ਰੂਪ ‘ਚ ਆਪਣੇ ਵਤਨ ਵਾਪਸੀ ਦਾ ਰਾਹ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਓਬਰਾਏ ਨੇ ਦੱਸਿਆ ਕਿ ਜੁੰਮੇ ਦਿਨ ਦੀ ਛੁੱਟੀ ਹੋਣ ਕਾਰਨ ਉਨ੍ਹਾਂ ਦੀ ਵਤਨ ਵਾਪਸੀ ਅਜੇ ਦੋ-ਤਿੰਨ ਦਿਨ ਲਟਕ ਜਾਵੇਗੀ। ਇਨ੍ਹਾਂ ਨੌਜਵਾਨਾਂ ਸਬੰਧੀ ਚੱਲ ਰਹੇ ਇਕ ਹੋਰ ਸਿਵਲ ਕੇਸ ਦੀ ਸੁਣਵਾਈ 15 ਫਰਵਰੀ ਨੂੰ ਹੋਵੇਗੀ, ਜਿਸ ‘ਚ ਮਾਣਯੋਗ ਅਦਾਲਤ ਵੱਲੋਂ ਡਾਕਟਰਾਂ ਦੀ ਟੀਮ ਨਿਯੁਕਤ ਕੀਤੀ ਜਾਵੇਗੀ, ਜੋ ਘਟਨਾ ਮੌਕੇ ਜ਼ਖ਼ਮੀ ਹੋਏ ਮੁਸ਼ਤਾਕ ਦੇ ਸਰੀਰਿਕ ਕਸ਼ਟ ਨੂੰ ਮਾਪ ਕੇ ਅਦਾਲਤ ‘ਚ ਰਿਪੋਰਟ ਪੇਸ਼ ਕਰੇਗੀ, ਜਿਸ ਦੇ ਆਧਾਰ ‘ਤੇ ਹਰਜਾਨੇ ਦਾ ਫ਼ੈਸਲਾ ਲਿਆ ਜਾ ਸਕੇਗਾ, ਪਰ ਇਸ ਕੇਸ ਦੇ ਫ਼ੈਸਲੇ ਦਾ ਉਨ੍ਹਾਂ ਦੀ ਵਤਨ ਵਾਪਸੀ ‘ਤੇ ਕੋਈ ਪ੍ਰਭਾਵ ਨਹੀਂ ਹੋਵੇਗਾ। ਇਨ੍ਹਾਂ ਨੌਜਵਾਨਾਂ ਵਿਚ ਪੱਟੀ ਵਾਸੀ ਸੁਖਜਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ, ਸੁਖਜੋਤ ਸਿੰਘ ਪੁੱਤਰ ਜਗਦੇਵ ਸਿੰਘ ਪਿੰਡ ਸੰਗੇੜਾ, ਰਾਮ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਕਾਵੇਂ (ਅੰਮ੍ਰਿਤਸਰ), ਅਰਵਿੰਦਰ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਗੋਕੁਲਵੱਡਾ, ਬਲਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਸੰਗਲ, ਦਲਜੀਤ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਐਤੀਆਣਾ, ਧਰਮਪਾਲ ਪੁੱਤਰ ਪਰਮਜੀਤ ਸਿੰਘ ਪਿੰਡ ਝੋਕੇ ਟਹਿਲ ਸਿੰਘ, ਸਤਿਗੁਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਘਣੌਰ ਜੱਟਾਂ, ਸਤਨਾਮ ਸਿੰਘ ਪੁੱਤਰ ਹਰਬੰਸ ਸਿੰਘ ਰੋਹਲੀ ਕਲਾਂ (ਲੁਧਿਆਣਾ), ਕਸ਼ਮੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਰਨ ਤਾਰਨ, ਸੁਬਾਨ ਸਿੰਘ ਪੁੱਤਰ ਪਿਆਰੇ ਲਾਲ ਪਿੰਡ ਲੋਹੀਆਂ ਖਾਸ, ਕੁਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੰਸੀਪੁਰਾ ਲੁਧਿਆਣਾ, ਕੁਲਦੀਪ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਕੁਕਰਾਨਾ, ਸੁਖਜਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਪਿੰਡ ਨਿੱਕੀ ਮਿਆਨੀ ਕਪੂਰਥਲਾ, ਨਮਜੋਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਰਾਏ ਕੋਟ ਲੁਧਿਆਣਾ, ਹਰਜਿੰਦਰ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਫਗਵਾੜਾ ਤੋਂ ਇਲਾਵਾ ਹਰਿਆਣੇ ਦੇ ਜ਼ਿਲ੍ਹਾ ਕੈਥਲ ਦਾ ਤਰਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਸ਼ਾਮਿਲ ਹਨ।

Category: WORLD NEWS

E-PAPERS

1328-title-page01

Most Read News