ਗੋਧਰਾ ਕਾਂਡ ਤੋਂ ਬਾਅਦ ਸਰਦਾਰਪੁਰਾ ‘ਚ ਸਾੜੇ ਗਏ ਸਨ 33 ਲੋਕ
ਸਜ਼ਾ ਸੁਣਾਏ ਜਾਣ ਤੋਂ ਬਾਅਦ ਪੁਲਿਸ ਦੀ ਗੱਡੀ ਵਿਚ ਅਹਿਮਦਾਬਾਦ ਜੇਲ੍ਹ ‘ਚ ਲਿਜਾਏ ਜਾਣ ਸਮੇਂ ਰੋਂਦੇ ਹੋਏ ਦੋਸ਼ੀ।
ਮਹਿਸਾਨਾ (ਗੁਜਰਾਤ)-ਇਕ ਵਿਸ਼ੇਸ਼ ਅਦਾਲਤ ਨੇ 2002 ਵਿਚ ਗੋਧਰਾ ਕਾਂਡ ਤੋਂ ਬਾਅਦ ਹੋਏ ਫਿਰਕੂ ਦੰਗਿਆਂ ਦੌਰਾਨ ਸਰਦਾਰਪੁਰਾ ਵਿਚ ਘੱਟ ਗਿਣਤੀ ਨਾਲ ਸਬੰਧਤ 33 ਵਿਅਕਤੀਆਂ ਨੂੰ ਅੱਗ ਲਾ ਕੇ ਮਾਰ ਦੇਣ ਦੇ ਮਾਮਲੇ ਵਿਚ 31 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਾਰਿਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ ਜਦ ਕਿ 42 ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ ਹੈ। ਪ੍ਰਮੁੱਖ ਜ਼ਿਲ੍ਹਾ ਤੇ ਸੈਸ਼ਨ ਜੱਜ ਐਸ. ਸੀ ਸ੍ਰੀਵਾਸਤਵਾ ਨੇ ਫੈਸਲਾ ਸੁਣਾਉਂਦਿਆਂ ਸਾਰੇ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦਾ ਆਦੇਸ਼ ਵੀ ਦਿੱਤਾ ਹੈ ਜੋ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਉਮਰ ਕੈਦ ਤੋਂ ਇਲਾਵਾ ਅਦਾਲਤ ਨੇ ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ ਤਹਿਤ 3 ਮਹੀਨੇ ਤੋਂ 10 ਸਾਲ ਤੱਕ ਸਜ਼ਾ ਵੀ ਸੁਣਾਈ ਹੈ ਪਰੰਤੂ ਇਹ ਸਾਰੀਆਂ ਸਜ਼ਾਵਾਂ ਇਕੋ ਸਮੇਂ ਚੱਲਣਗੀਆਂ। ਇਸ ਤੋਂ ਇਲਾਵਾ ਹਰੇਕ ਦੋਸ਼ੀ ਨੂੰ 20 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ ਤੇ ਜੇਕਰ ਉਹ ਜੁਰਮਾਨਾ ਜਮਾਂ ਕਰਵਾਉਣ ਵਿਚ ਨਾਕਾਮ ਰਹਿੰਦੇ ਹਨ ਤਾਂ ਉਨ੍ਹਾਂ ਦੀ ਸਜ਼ਾ ਵਿਚ 6 ਮਹੀਨੇ ਦਾ ਵਾਧਾ ਕੀਤਾ ਜਾਵੇਗਾ।
ਛੱਡੇ ਗਏ 42 ਵਿਅਕਤੀਆਂ ਵਿਚੋਂ 11 ਨੂੰ ਸਬੂਤਾਂ ਦੀ ਘਾਟ ਤੇ 31
ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ ਗਿਆ। ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਸਬੰਧੀ ਇਹ ਪਹਿਲਾ ਮਾਮਲਾ ਹੈ ਜਿਸ ਦੀ ਜਾਂਚ ਸੁਪਰੀਮ ਕੋਰਟ ਦੁਆਰਾ ਨਾਮਜ਼ਦ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਕੀਤੀ ਸੀ। ਇਥੇ ਵਰਨਣਯੋਗ ਹੈ ਕਿ 27 ਫਰਵਰੀ 2002 ਨੂੰ ਗੋਧਰਾ ਵਿਖੇ ਇਕ ਰੇਲ ਡੱਬੇ ਨੂੰ ਅਚਾਨਕ ਲੱਗੀ ਅੱਗ ਨਾਲ 59 ਵਿਅਕਤੀ ਸੜ ਕੇ ਮਰ ਗਏ ਸਨ ਜਿਨ੍ਹਾਂ ਵਿਚ ਜ਼ਿਆਦਾਤਰ ਕਾਰ ਸੇਵਕ ਸਨ। ਇਸ ਘਟਨਾ ਤੋਂ ਬਾਅਦ ਗੁਜਰਾਤ ਵਿਚ ਵਿਆਪਕ ਫਿਰਕੂ ਦੰਗੇ ਭੜਕ ਪਏ ਸਨ ਜਿਨ੍ਹਾਂ ਦੌਰਾਨ ਘੱਟ ਗਿਣਤੀ ਨਾਲ ਸਬੰਧਤ ਵਿਅਕਤੀਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਗਿਆ ਸੀ। ਸਰਦਾਰਪੁਰਾ ਕਸਬਾ ਵੀ ਦੰਗਿਆਂ ਦੀ ਲਪੇਟ ਵਿਚ ਆ ਗਿਆ ਸੀ। ਡਰਦੇ ਮਾਰੇ ਲੋਕ ਇਕ ਇਬਰਾਹੀਮ ਸ਼ੇਖ ਨਾਮੀ ਵਿਅਕਤੀ ਦੇ ਘਰ ਇਕੱਤਰ ਹੋ ਗਏ ਸਨ। ਦੰਗਾਕਾਰੀਆਂ ਨੇ ਮਿੱਟੀ ਦਾ ਤੇਲ ਛਿੜਕ ਕੇ ਇਸ ਘਰ ਨੂੰ ਅੱਗ ਲਾ ਦਿੱਤੀ ਸੀ ਜਿਸ ਵਿਚ ਸੜ ਕੇ 22 ਔਰਤਾਂ ਸਮੇਤ 33 ਵਿਅਕਤੀ ਮਾਰੇ ਗਏ ਸਨ। ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਨ।