ਨਵੀਂ ਦਿੱਲੀ-: ਉਤਰ ਪ੍ਰਦੇਸ਼ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਸੂਬੇ ਦੇ ਸਿੱਖਾਂ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣ ਦਿਤੀ ਜਾਵੇਗੀ। ਪਿਛਲੇ ਦਿਨੀਂ ਪੀਲੀਭੀਤ ਦੇ ਇਕ ਪਿੰਡ ‘ਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਵਿਰੁਧ ਰੋਸ ਪ੍ਰਗਟਾਉਣ ਪਿੱਛੋਂ ਪੈਦਾ ਹੋਈ ਤਣਾਅਪੂਰਨ ਸਥਿਤੀ ਮਗਰੋਂ ਸਿੱਖਾਂ ‘ਤੇ ਦਰਜ ਹੋਏ ਮਾਮਲਿਆਂ ਸਬੰਧੀ ਲਖਨਊ ਵਿਖੇ ਸੂਬੇ ਦੇ ਮੁੱਖ ਸਕੱਤਰ ਅਨੂਪ ਸ਼ਰਮਾ ਤੇ ਪੁਲਿਸ ਮੁਖੀ ਬ੍ਰਿਜ ਲਾਲ ਨੂੰ ਹਾਲਾਤ ਬਾਰੇ ਜਾਣੂ ਕਰਾਉਣ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਤਿੰਨ ਮੈਂਬਰੀ ਵਫ਼ਦ ਮਿਲਿਆ। ਦਿੱਲੀ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਦੀ ਅਗਵਾਈ ਵਾਲੇ ਵਫ਼ਦ ‘ਚ ਦਿੱਲੀ ਕਮੇਟੀ ਦੇ ਸੰਯੁਕਤ ਸਕੱਤਰ ਕਰਤਾਰ ਸਿੰਘ ਕੋਛੜ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਜਨਰਲ ਸਕੱਤਰ ਮਨਜੀਤ ਸਿੰਘ ਸ਼ਾਮਲ ਸਨ। ਬੀਤੇ ਦਿਨੀਂ ਉਕਤ ਅਫ਼ਸਰਾਂ ਨਾਲ ਮੁਲਾਕਾਤ ਕਰ ਕੇ ਪਰਤੇ ਆਗੂਆਂ ਨੇ ਦਸਿਆ, ‘‘ਅਸੀ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੋਂ ਸਥਾਨਕ ਸਿੱਖਾਂ ਵਲੋਂ ਕੀਤੇ ਰੋਸ ਮੁਜ਼ਾਹਰੇ ਦੇ ਆਧਾਰ ‘ਤੇ ਸਿੱਖਾਂ ਵਿਰੁਧ ਬਣਾਏ ਮਾਮਲੇ ਝੂਠੇ ਤੇ ਬੇਬੁਨਿਆਦ ਹਨ ਕਿਉਂਕਿ ਜੋ ਮੁਜ਼ਾਹਰਾ ਕੀਤਾ ਗਿਆ, ਉਹ ਸਰਕਾਰ ਵਿਰੁਧ ਨਹੀਂ ਸੀ, ਸਗੋਂ ਧਾਰਮਕ ਮਰਿਆਦਾ ਦੀ ਪਾਲਣਾ ਕੀਤੇ ਬਿਨਾਂ ਰੋਸ ਸਮਾਗਮ ਦੀ ਸਮਾਪਤੀ ਕਰਨ ਤੋਂ ਗੁੱਸੇ ਵਿਚ ਆਏ ਸਿੱਖਾਂ ਨੇ ਹਾਜ਼ਰ ਸਿੱਖ ਮੁਖੀਆਂ ਵਿਰੁਧ ਰੋਸ ਪ੍ਰਗਟਾਇਆ ਸੀ ਜਿਸ ਨੂੰ ਕੁੱਝ ਲੋਕਾਂ ਨੇ ਸਰਕਾਰ ਵਿਰੁਧ ਰੋਸ ਵਜੋਂ ਪ੍ਰਚਾਰਿਆ ਅਤੇ ਜਿਨ੍ਹਾਂ ਨਾਹਰਿਆਂ ਨੂੰ ਭੜਕਾਊ ਦੱਸ ਕੇ ਸਿੱਖਾਂ ਵਿਰੁਧ ਮਾਮਲੇ ਦਰਜ ਕੀਤੇ ਗਏ, ਉਹ ਨਾਹਰੇ ਨਹੀਂ, ਸਗੋਂ ਸਿੱਖਾਂ ਦੇ ਧਾਰਮਕ ਬੋਲੇ ‘ਬੋਲੇ ਸੋ ਨਿਹਾਲ‘ ਦੇ ਜੈਕਾਰੇ ਸਨ।‘‘ ਵਫ਼ਦ ਨੇ ਉੱਚ ਅਫ਼ਸਰਾਂ ਨੂੰ ਇਹ ਵੀ ਦਸਿਆ, ‘‘ਚਾਰ-ਪੰਜ ਮਹੀਨਿਆਂ ‘ਚ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਵਿਰੋਧੀ ਅਨਸਰ ਜਿਸ ਵਿਚ ਉਤਰਾਖੰਡ ਸਰਕਾਰ ਦੇ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ,
ਸੂਬੇ ਦੀ ਸੱਤਾਧਾਰੀ ਪਾਰਟੀ ਵਿਰੁਧ ਸਿੱਖਾਂ ਨੂੰ ਅਪਣੇ ਹਿਤ ਵਿਚ ਵਰਤਣਾ ਚਾਹੁੰਦੇ ਹਨ। ਇਸੇ ਤਹਿਤ ਸਿੱਖ ਮੁਖੀਆਂ ਵਿਰੁਧ ਰੋਸ ਨੂੰ ਸਰਕਾਰ ਵਿਰੋਧੀ ਪ੍ਰਚਾਰ ਕੇ ਬੇਕਸੂਰ ਸਿੱਖਾਂ ਨੂੰ ਝੂਠੇ ਮਾਮਲਿਆਂ ‘ਚ ਫਸਾਉਣ ਦੀ ਸਾਜ਼ਸ਼ ਘੜੀ ਗਈ।‘‘ ਆਗੂਆਂ ਨੇ ਅਫ਼ਸਰਾਂ ਨੂੰ ਸਮਝਾਇਆ ਕਿ ਸੂਬਾ ਸਰਕਾਰ ਸਿੱਖਾਂ ਪ੍ਰਤੀ ਹਮਦਰਦੀ ਅਤੇ ਭਾਈਚਾਰਕ ਪਹੁੰਚ ਅਪਣਾਏਗੀ ਤਾਂ ਕੋਈ ਕਾਰਨ ਨਹੀਂ ਕਿ ਸਿੱਖ ਉਸ ਨਾਲੋਂ ਟੁੱਟਣ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੇ ਸਿੱਖਾਂ ਵਿਰੁਧ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਾ ਹੋਣ ਦੇਣ ਦਾ ਭਰੋਸਾ ਦਿਵਾਇਆ ਹੈ। ਸਿੱਖਾਂ ਦਾ ਰੋਸ ਠੰਢਾ ਕਰ ਕੇ ਗਿਆਨੀ ਗੁਰਬਚਨ ਸਿੰਘ ਨੇ ਛੋਟੀ ਸੋਚ ਪ੍ਰਗਟਾਈ ਨਵੀਂ ਦਿੱਲੀ: ਪੀਲੀਭੀਤ ਦੇ ਪਿੰਡ ਕਟਈਆ ਪੰਡਰਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਿਰੁਧ ਹੋਏ ਰੋਸ ਸਮਾਗਮ ਨੂੰ ਠੁੱਸ ਕਰ ਕੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੀ ਬੌਣੀ ਸੋਚ ਇਕ ਵਾਰ ਫਿਰ ਜ਼ਾਹਰ ਹੋ ਗਈ ਹੈ। ਸਿੱਖਾਂ ਨਾਲ ਹਮਦਰਦੀ ਪ੍ਰਗਟਾਉਣ ਦੀ ਬਜਾਏ ਜ਼ਖ਼ਮਾਂ ‘ਤੇ ਲੂਣ ਭੁਕਦਿਆਂ ਗਿਆਨੀ ਗੁਰਬਚਨ ਸਿੰਘ ਨੇ ਸਿੱਖਾਂ ਨੂੰ ਇਹ ਸਲਾਹ ਵੀ ਦੇ ਦਿਤੀ ਕਿ ਅਜਿਹੀਆਂ ਥਾਵਾਂ ‘ਤੇ ਗੁਰਦਵਾਰੇ ਨਹੀਂ ਬਨਾਉਣੇ ਚਾਹੀਦੇ, ਜਿਥੇ ਸਿੱਖਾਂ ਦੀ ਘੱਟ ਵਸੋਂ ਹੋਵੇ। ਸ. ਸਰਨਾ ਮੁਤਾਬਕ, ‘‘ਰੋਸ ਸਮਾਗਮ ‘ਚ ਕਰੀਬ ਇਕ ਲੱਖ ਸੰਗਤ ਅਤੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਤੇ ਨਾਨਕ ਮਤਾ ਦੇ ਮੁਖੀ ਬਾਬਾ ਤਰਸੇਮ ਸਿੰਘ ਸ਼ਾਮਲ ਹੋਏ। ਮੁੱਖ ਸੇਵਾਦਾਰ ਤੇ ਬਾਬਾ ਤਰਸੇਮ ਸਿੰਘ ਨੇ ਕੀਰਤਨ ਕਰ ਰਹੇ ਜਥੇ ਨੂੰ ਸ਼ਬਦ ਪੂਰਾ ਹੋਣ ਤੋਂ ਪਹਿਲਾਂ ਹੀ ਉਠਣ ਲਈ ਕਹਿ ਦਿਤਾ ਅਤੇ ਬਿਨਾਂ ਅਨੰਦ ਸਾਹਿਬ ਦੇ ਪਾਠ ਦੇ ਸਮਾਗਮ ਦੀ ਸਮਾਪਤੀ ਦੀ ਅਰਦਾਸ ਕਰ ਦਿਤੀ ਜਿਸ ਕਰ ਕੇ ਸਿੱਖਾਂ ‘ਚ ਰੋਸ ਦੀ ਜ਼ਬਰਦਸਤ ਲਹਿਰ ਦੌੜ ਗਈ। ਸਿੱਖਾਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ‘ ਦੇ ਜੈਕਾਰੇ ਲਾਉਣੇ ਸ਼ੁਰੂ ਕਰ ਦਿਤੇ, ਜਿਨ੍ਹਾਂ ਨੂੰ ਭੜਕਾਊ ਕਹਿ ਕੇ ਅਤੇ ਅਣਪਛਾਤੇ ਸਿੱਖਾਂ ਵਿਰੁਧ ਮਾਮਲੇ ਦਰਜ ਕਰ ਕੇ ਐਸ.ਐਸ.ਪੀ. ਨੇ ਇਲਾਕੇ ਦੇ ਸਿੱਖਾਂ ਨੂੰ ਹੀ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ।