Latest News

UK NEWS

Share this post

image ਲੰਡਨ-: ਪੰਜਾਬ ਦੇ ਰਾਜਪਾਲ ਸਲਮਾਨ ਤਾਸੀਰ ਦੇ ਹਤਿਆਰੇ ਦਾ ਸਮਰਥਨ ਕਰਨ ਵਾਲਿਆਂ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਆਂ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ ਨੇ ਕੱਟੜਪੰਥੀਆਂ ਵਿਰੁਧ ਜੇਹਾਦ ਛੇੜਨ ਦਾ ਨਿਸ਼ਚਾ ਕੀਤਾ ਹੈ। ਤਾਸੀਰ ਦੀ ਹਤਿਆ ਦੀ ਤੁਲਨਾ ਅਪਣੀ ਮਾਂ ਦੀ ਹਤਿਆ ਨਾਲ ਕਰਦਿਆਂ ਬਿਲਾਵਲ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਨੇ ਵੀ ਚੁੱਪ ਰਹਿਣ ਤੋਂ ਨਾਂਹ ਕਰ ਦਿਤੀ ਸੀ। ਇਥੇ ਪਾਕਿਸਤਾਨੀ ਹਾਈ ਕਮਿਸ਼ਨ ਵਿਚ ਤਾਸੀਰ ਨੂੰ ਸ਼ਰਧਾਂਜਲੀ ਦੇਣ ਆਏ ਲੋਕਾਂ ਨੂੰ ਬਿਲਾਵਲ ਨੇ ਕਿਹਾ ਕਿ ਤਾਸੀਰ ਦੇ ਹਤਿਆਰੇ ਦੇ ਸਮਰਥਕ ਹੀ ਅਸਲ ਵਿਚ ਇਸਲਾਮ ਵਿਰੋਧੀ ਹਨ।

ਹਤਿਆਰੇ ਦੇ ਸਮਰਥਕਾਂ ਦੀ ਸਖ਼ਤ ਨਿੰਦਾ ਕਰਦਿਆਂ ਬਿਲਾਵਲ ਨੇ ਕਿਹਾ, ‘‘ਤੁਹਾਡੇ ਕਾਰਨ ਹੀ ਦੁਨੀਆਂ ਵਿਚ ਇਸਲਾਮ ਬਾਰੇ ਗ਼ਲਤ ਸੁਨੇਹਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਜਿਹੜੇ ਲੋਕ ਮੇਰੇ ਮਜ਼ਹਬ ’ਤੇ ਹਮਲਾ ਕਰਦੇ ਹਨ, ਖ਼ਾਸ ਤੌਰ ’ਤੇ ਉਹ ਜੋ ਇਸ ਦੇ ਸ਼ਾਂਤੀਪੂਰਨ ਸੰਦੇਸ਼ ਨੂੰ ਵਿਗਾੜਦੇ ਹਨ, ਉਹ ਇਸਲਾਮ ਵਿਰੋਧੀ ਹਨ ਅਤੇ ਉਨ੍ਹਾਂ ਦੀ ਹਾਰ ਲਾਜ਼ਮੀ ਹੋਵੇਗੀ।’’ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਨੇ ਕਿਹਾ ਕਿ ਬੀਤੀ 4 ਜਨਵਰੀ ਨੂੰ ਤਾਸੀਰ ਨੂੰ ਸਿਰਫ਼ ਇਸ ਲਈ ਮਾਰ ਦਿਤਾ ਗਿਆ ਕਿਉਂਕਿ ਉਨ੍ਹਾਂ ਨੇ ਚੁੱਪ ਰਹਿਣ ਤੋਂ ਇਨਕਾਰ ਕਰ ਦਿਤਾ ਸੀ। ਉਹ ਇਸਲਾਮ ਦੇ ਸੁਨੇਹੇ ਦੀ ਰਾਖੀ ਕਰਦੇ ਸ਼ਹੀਦ ਹੋ ਗਏ। ਬਿਲਾਵਲ ਨੇ ਈਸਾਈਆਂ ਅਤੇ ਸਿੱਖਾਂ ਸਣੇ ਪਾਕਿਸਤਾਨ ਵਿਚ ਰਹਿੰਦੀਆਂ ਹੋਰਨਾਂ ਘੱਟ ਗਿਣਤੀਆਂ ਨੂੰ ਸੁਰੱਖਿਆ ਦਿਤੇ ਜਾਣ ਦਾ ਭਰੋਸਾ ਵੀ ਦਿਤਾ। ਦਸਣਯੋਗ ਹੈ ਕਿ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਨੂੰ ਉਨ੍ਹਾਂ ਦੇ ਅੰਗ ਰਖਿਅਕ ਨੇ ਹੀ ਗੋਲੀਆਂ ਮਾਰ ਕੇ ਹਲਾਕ ਕਰ ਦਿਤਾ ਸੀ। ਦਸੰਬਰ 2007 ਵਿਚ ਬੇਨਜ਼ੀਰ ਭੁੱਟੋ ਦੀ ਹਤਿਆ ਪਿੱਛੋਂ ਪਾਕਿਸਤਾਨ ਵਿਚ ਇਹ ਹਤਿਆ ਦੀ ਸੱਭ ਤੋਂ ਵੱਡੀ ਘਟਨਾ ਸੀ।

Category: UK NEWS

E-PAPERS

1328-title-page01

Most Read News