ਵੈਸਟ ਬਰਮਵਿੱਚ:- ਖਬਰ ਅਨੁਸਾਰ 2 ਜਨਵਰੀ ਤੋਂ ਲਾਪਤਾ 20 ਸਾਲਾ ਨੌਜੁਆਨ ਗੁਰਦੀਪ ਸਿੰਘ ਹੇਅਰ ਜੋ ਕਿ ਵੈਸਟ ਬਰਮਵਿੱਚ ਦਾ ਰਹਿਣ ਵਾਲਾ ਹੈ ਦਾ ਮੈਨਚੈਸਟਰ ਵਿੱਚ ਕਤਲ ਕਰ ਦਿੱਤਾ ਗਿਆ। ਗੁਰਦੀਪ ਸਿੰਘ ਹੇਅਰ ਬਿਜ਼ਨਸ ਦੀ ਪੜਾਈ ਕਰਦਾ ਸੀ ਤੇ ਉਹ 5 ਫੁੱਟ 11 ਇੰਚ ਲੰਮਾ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਘਟਨਾ ਨਾਲ ਪਰਿਵਾਰ ਵਿੱਚ ਬਹੁਤ ਹੀ ਸੋਗ ਹੈ। ਪਿਛਲੇ ਇੱਕ ਮਹੀਨੇ ਵਿੱਚ ਮੈਨਚੈਸਟਰ ਵਿੱਚ ਏਸ਼ੀਅਨ ਦੇ ਕਤਲ ਹੋਣ ਦੀ ਇਹ ਦੂਸਰੀ ਘਟਨਾ ਹੈ। ਯਾਦ ਰਹੇ ਕਿ ਬੀਤੇ ਦਿਨੀਂ ਲੰਕੇਸਟਰ ਯੂਨੀਵਰਸਿਟੀ ਦਾ ਵਿਦਿਆਰਥੀ ਅਨੁਜ ਬਿਦਵੈ ਜੋ ਕਿ ਲੰਡਨ ਤੋਂ ਮੈਨਚੈਸਟਰ ਕ੍ਰਿਸਮਿਸ ਦਾ ਤਿਉਹਾਰ ਮਨਾਉਣ ਲਈ ਆਇਆ ਸੀ, ਦਾ ਕ੍ਰਿਸਮਿਸ ਤੇ ਬਾਕਸਿੰਗ ਡੇਅ ਵਿਚਲੀ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦਾ ਅਜੇ ਤੱਕ ਪੁਲਿਸ ਦੇ ਹੱਥ ਕੋਈ ਠੋਸ ਸਬੂਤ ਨਹੀ ਲੱਗਿਆ ਹੈ ਅਤੇ ਪੁਲਿਸ ਸ਼ੱਕੀ ਅਨਸਰਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ। ਇਹ ਦੂਸਰੀ ਵੱਡੀ ਘਟਨਾ ਹੋਣ ਨਾਲ ਏਸ਼ੀਅਨ ਕਮਿਉਨਟੀ ਵਿੱਚ ਇੱਕ ਖਾਸ ਕਿਸਮ ਦਾ ਡਰ ਜਿਹਾ ਪੈਦਾ ਹੋ ਗਿਆ ਹੈ ਅਤੇ ਏਸ਼ੀਅਨ ਲੋਕ ਆਪਣੇ ਬੱਚਿਆਂ ਲਈ ਵਧੇਰੇ ਚਿੰਤਤ ਹਨ ਜੋ ਕਿ ਇਹਨਾਂ ਨਸਲੀ ਹਮਲਿਆਂ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਵੈਸਟ ਬਰਮਵਿੱਚ ਦੇ ਗੁਰਦੀਪ ਸਿੰਘ ਹੇਅਰ ਦਾ ਵੀ ਭੇਦਭਰੀ ਹਲਾਤ ਵਿੱਚ
ਕਤਲ ਕਰ ਦਿੱਤਾ ਗਿਆ। ਜੋ ਕਿ ਵੈਸਟ ਬਰਮਵਿੱਚ ਤੋਂ ਮੈਨਚਿਸਟਰ ਨਵਾਂ ਸਾਲ ਮਨਾਉਣ ਲਈ ਗਿਆ ਸੀ ਅਤੇ ਉਹ 2 ਜਨਵਰੀ ਤੋਂ ਲੈ ਕੇ ਲਾਪਤਾ ਸੀ ਪਰ ਉਸਦੀ ਲਾਸ਼ ਮੈਨਚਿਸਟਰ ਸਿਟੀ ਪੁਲਿਸ ਵੱਲੋਂ ਮੈਡਲਾਕ ਨਦੀ ਵਿੱਚੋਂ ਬਰਾਮਦ ਕੀਤੀ ਗਈ ਅਤੇ ਮੈਨਚਿਸਟਰ ਪੁਲਿਸ ਵੀ ਉਸਦੀ ਭਾਲ ਕਰ ਰਹੀ ਸੀ। ਗੁਰਦੀਪ ਸਿੰਘ ਨੂੰ ਆਖਰੀ ਵਾਰ ਨੀਲੀ ਜ਼ੀਨ ਤੇ ਪੋਲੋ ਦੀ ਸ਼ਰਟ ਤੇ ਟ੍ਰੇਨਰ ਦੇ ਵਿੱਚ ਦੇਖਿਆ ਗਿਆ। ਪੁਲਿਸ ਨੇ ਦੱਸਿਆ ਹੈ ਕਿ ਗੁਰਦੀਪ ਸਿੰਘ ਹੇਅਰ ਦੇ ਕਤਲ ਦੇ ਕਾਰਨਾਂ ਦਾ ਅਸਲ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ। ਪੁਲਿਸ ਇਸ ਕੇਸ ਦੀ ਵੀ ਡੂੰਘਾਈ ਤੱਕ ਜਾ ਰਹੀ ਹੈ। ਪੁਲਿਸ ਨੇ ਉਸ ਟੈਕਸੀ ਡਰਾਈਵਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜੋ ਗੁਰਦੀਪ ਸਿੰਘ ਨੂੰ ਰਾਤ ਸਵਾ ਦੋ ਵਜ਼ੇ ਮੈਨਚੈਸਟਰ ਦੇ ਕਲੱਬ ਤੋਂ ਲੈ ਕੇ ਗਿਆ ਸੀ। ਗੁਰਦੀਪ ਸਿੰਘ ਨੇ ਆਪਣੇ ਪਤੇ ਤੇ ਪਹੁੰਚਣ ਤੋਂ ਪਹਿਲਾਂ ਹੀ ਟੈਕਸੀ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ ਅਤੇ ਕਿਰਾਇਆ ਦੇ ਕੇ ਗੱਡੀ ਚੋਂ ਬਾਹਰ ਨਿੱਕਲ ਗਿਆ। ਇਸ ਤੋਂ ਬਾਅਦ ਉਹ ਘਰ ਨਹੀ ਪਰਤਿਆ। ਇਸ ਤੋਂ ਇਲਾਵਾ 2 ਜਨਵਰੀ ਤੋਂ ਗੁਰਦੀਪ ਹੇਅਰ ਦਾ ਪਰਿਵਾਰ ਵੀ ਉਸਦੀ ਭਾਲ ਕਰ ਰਿਹਾ ਸੀ ਤੇ ਉਸ ਦੀਆਂ ਫੋਟੋਆਂ ਸ਼ਹਿਰ ਵਿੱਚ ਆਉਣ ਤੋਂ ਇਲਾਵਾ ਉਸ ਨੂੰ ਲੱਭਣ ਲਈ ਫੇਸਬੁੱਕ ਤੇ ਇੱਕ ਖਾਸ ਪੇਜ਼ ਵੀ ਬਣਾਇਆ ਗਿਆ ਸੀ। ਇਸ ਘਟਨਾ ਨੂੰ ਸੁਣ ਕੇ ਸਮੂੰਹ ਏਸ਼ੀਅਨ ਕਮਿਉਨਟੀ ਵਿੱਚ ਭਾਰੀ ਸੋਗ ਦਾ ਮਾਹੌਲ ਹੈ ਅਤੇ ਭਾਰੀ ਤਦਾਦ ਵਿੱਚ ਲੋਕਾਂ ਨੇ ਗੁਰਦੀਪ ਸਿੰਘ ਹੇਅਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਮਦਰਦੀ ਪ੍ਰਗਟ ਕੀਤੀ।