ਲੈਸਟਰ:- ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਅਵਤਾਰ ਪੁਰਬ, ਲੈਸਟਰ ਅਤੇ ਯੂ.ਕੇ ਦੀਆਂ ਸੰਗਤਾਂ ਵੱਲੋਂ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਮੁੱਖ ਪ੍ਰਬੰਧਕ ਸ਼੍ਰੀ ਓਮਪ੍ਰਕਾਸ਼ ਮਾਹੀ ਨੇ ਇਸ ਮੌਕੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦਿਆਂ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ। ਲੜੀਵਾਰ 7ਵੇਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸ: ਕਸ਼ਮੀਰ ਸਿੰਘ ਜੀ ਦੇ ਪ੍ਰੀਵਾਰ ਵੱਲੋਂ ਪਾਇਆ ਗਿਆ। ਉਪਰੰਤ ਸਜਾਏ ਗਏ ਦੀਵਾਨ ਵਿੱਚ, ਹਜ਼ੂਰੀ ਰਾਗੀ ਗਿਆਨੀ ਸੰਸਾਰ ਸਿੰਘ, ਗਿਆਨੀ ਹਰਭਜਨ ਸਿੰਘ, ਗਿਆਨੀ ਰਯਪਾਲ ਸਿੰਘ, ਗਿਆਨੀ ਇੰਦਰਜੀਤ ਸਿੰਘ, ਕਲਾਕਾਰ ਸੈਮੀ ਸੈਂਪਲ, ਗਿਆਨੀ ਰਣਜੀਤ ਸਿੰਘ ਰਾਣਾ, ਭਾਈ ਰਵਿੰਦਰਪਾਲ ਸਿੰਘ ਨੇ ਸਾਥੀਆਂ ਸਹਿਤ ਰੱਬੀ ਬਾਣੀ ਕੀਰਤਨ ਅਤੇ
ਇਤਿਹਾਸਕ ਚਾਨਣਾ ਪਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਮਾਤਾ ਖੀਵੀ ਸਿੱਖ ਸੇਵਾ ਸੁਸਾਇਟੀ ਵੱਲੋਂ ਨਵੇਂ ਸਾਲ ਦਾ ਪ੍ਰਕਾਸ਼ਤ ਕੀਤਾ ਇਤਿਹਾਸਕ ਕਲੰਡਰ ਫਰੇਮ ਕਰਕੇ ਮੁੱਖ ਸੇਵਾਦਾਰ ਸ੍ਰੀਮਾਨ ਮਾਹੀ ਰਣਧੀਰ ਸਿੰਘ ਸੰਭਲ ਗਿਆਨੀ ਸੰਸਾਰ ਸਿੰਘ, ਗਿਆਨੀ ਰਣਜੀਤ ਸਿੰਘ ਰਾਣਾ ਅਤੇ ਸਟੇਜ ਸਕੱਤਰ ਸ: ਮਹਿੰਦਰਪਾਲ ਸਿੰਘ ਭੇਂਟ ਕੀਤਾ। ਅੰਮ੍ਰਿਤ ਵੇਲੇ ਗੁਰੂ ਕੇ ਲੰਗਰ ਦੀ ਰੋਜ਼ਾਨਾ ਸੇਵਾ ਕਰਨ ਵਾਲੀਆਂ ਬੀਬੀਆਂ ਨੂੰ ਸ: ਮਾਹੀ, ਅਜ਼ਮੇਰ ਸਿੰਘ ਮਠਾੜੂ ਤੇ ਗਿ: ਹਰਭਜਨ ਸਿੰਘ ਨੇ ਸਿਰਪਾਓ ਦੇ ਕੇ ਸਨਮਾਨ ਕੀਤਾ। ਸਮੂਹ ਸੰਗਤ ਅਤੇ ਜਸਵੀਰ ਸਿੰਘ, ਕਸ਼ਮੀਰ ਸਿੰਘ ਸੈਪਲੇ, ਸ: ਕੁਲਦੀਪ ਸਿੰਘ. ਕੇਸਰ ਸਿੰਘ ਸੰਘਾ, ਲਾਲ ਚੰਦ ਤੇ ਸਮੂਹ ਮੈਂਬਰਾਂ ਨੇ ਦਿਨ ਰਾਤ ਇੱਕ ਕਰਕੇ ਗੁਰਪੁਰਬ ਸਮਾਗਮ ਦਾ ਬਹੁਤੀ ਸ਼ਾਨਦਾਰ ਪ੍ਰਬੰਧ ਕੀਤਾ ਹੋਇਆ ਸੀ। ਸਟੇਜ ਸਕੱਤਰ ਦੀ ਸੇਵਾ ਸ: ਮਹਿੰਦਰਪਾਲ ਸਿੰਘ ਨੇ ਨਿਭਾਈ।