ਫ਼ਤਹਿਗੜ੍ਹ ਸਾਹਿਬ.- ਇਕ ਨਵੰਬਰ 1966 ਤੋਂ ਲੈ ਕੇ ਫ਼ਰਵਰੀ 2012 ਤੱਕ ਦੇ ਸਫ਼ਰ ਵਿਚ ਪੰਜਾਬ ਦੀ ਜਨਤਾ ਨੇ 15 ਵਾਰੀਆਂ ‘ਚ 11 ਵਿਅਕਤੀਆਂ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਅਜ਼ਮਾਇਆ ਹੈ। ਹੁਣ 12ਵੀਂ ਵਾਰੀ ਕਿਸ ਦੀ ਹੋਵੇਗੀ ਇਸ ਦਾ ਫ਼ੈਸਲਾ 6 ਮਾਰਚ ਨੂੰ ਚੋਣ ਨਤੀਜਿਆਂ ਦੇ ਆਉਣ ਤੋ ਬਾਅਦ ਹੀ ਹੋਵੇਗਾ। ਤਿੰਨ ਮੁੱਖ ਪਾਰਟੀਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਤਾਂ ਮੁੱਖ ਮੰਤਰੀ ਦੀ ਕੁਰਸੀ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਪਰ ਕਾਂਗਰਸ ਨੇ ਇਸ ਭੇਤ ਨੂੰ ਅਜੇ ਬਰਕਰਾਰ ਰੱਖਿਆ ਹੋਇਆ ਹੈ।
ਪੰਜਾਬ ਦੀ ਸਿਆਸਤ ਦੌਰਾਨ 8 ਵਾਰ ਅਕਾਲੀ ਅਤੇ 7 ਵਾਰ ਕਾਂਗਰਸ ਨੂੰ ਪੰਜਾਬ ਦਾ ਰਾਜਭਾਗ ਪ੍ਰਾਪਤ ਹੋਇਆ ਹੈ। ਅੰਕੜਿਆਂ ਮੁਤਾਬਿਕ ਕਾਂਗਰਸ ਨੇ 17 ਸਾਲ 9 ਮਹੀਨੇ ਅਤੇ ਅਕਾਲੀਆਂ ਨੇ 16 ਸਾਲ 8 ਮਹੀਨੇ ਦੇ ਲਗਭਗ ਸੱਤਾ ਦਾ ਸੁੱਖ ਭੋਗਿਆ ਹੈ। ਜਦੋਂ ਕਿ 8 ਸਾਲ ਦੇ ਲਗਭਗ ਸੂਬੇ ਅੰਦਰ ਗਵਰਨਰੀ ਰਾਜ ਵੀ ਲਾਗੂ
ਰਿਹਾ। ਜਨਤਾ ਦੇ ਫ਼ੈਸਲੇ ਤੋਂ ਬਾਅਦ ਕਾਂਗਰਸ ਨੇ ਆਪਣੇ ਕਿਸੇ ਵੀ ਆਗੂ ਨੂੰ ਦੁਬਾਰਾ ਮੁੱਖ ਮੰਤਰੀ ਬਣਨ ਦਾ ਮੌਕਾ ਨਹੀਂ ਦਿੱਤਾ ਹੈ। ਅਕਾਲੀ ਦਲ ਨੇ ਜਸਟਿਸ ਗੁਰਨਾਮ ਸਿੰਘ ਨੂੰ 2 ਵਾਰ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ 4 ਵਾਰ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਹੈ। ਗਿਆਨੀ ਜ਼ੈਲ ਸਿੰਘ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਆਪਣੇ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ। ਉਸ ਤੋਂ ਬਾਅਦ ਦੋ ਵਾਰ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਇਕ ਵਾਰ ਕੈਪਟਨ ਅਮਰਿੰਦਰ ਸਿੰਘ ਵੀ ਪੰਜ ਸਾਲ ਲਗਾਤਾਰ ਸੱਤਾ ‘ਤੇ ਕਾਬਜ਼ ਰਹੇ। ਜਦੋਂ ਕਿ ਇੱਕੋ ਇਕ ਔਰਤ ਮੁੱਖ ਮੰਤਰੀ ਦੇ ਰੂਪ ਵਿਚ ਬੀਬੀ ਰਾਜਿੰਦਰ ਕੌਰ ਭੱਠਲ ਦਾ ਕਾਰਜ ਕਾਲ ਸਭ ਤੋਂ ਛੋਟਾ ਰਿਹਾ ਹੈ।
ਕੁਰਸੀ ਤੇ ਬਿਰਾਜਮਾਨ ਰਹਿਣ ਵਾਲਿਆਂ ਵਿਚ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ (ਕਾਂਗਰਸ) 1/11/1966-8/3/1967 ਤੱਕ, ਜਸਟਿਸ ਗੁਰਨਾਮ ਸਿੰਘ (ਅਕਾਲੀ ਦਲ) 8/3/1967-24/11/1967 ਤੱਕ, ਸ. ਲਛਮਣ ਸਿੰਘ ਗਿੱਲ (ਅਕਾਲੀ ਦਲ) 24/11/67-23/8/1968, ਜਥੇਦਾਰ ਗੁਰਨਾਮ ਸਿੰਘ (ਅਕਾਲੀ ਦਲ) 11/2/69-26/3/1970 ਤੱਕ, ਸ. ਪ੍ਰਕਾਸ਼ ਸਿੰਘ ਬਾਦਲ (ਅਕਾਲੀ ਦਲ) 27/3/1970-14/3/1971 ਤੱਕ, ਗਿਆਨੀ ਜ਼ੈਲ ਸਿੰਘ (ਕਾਂਗਰਸ) 17/3/1972-30/4/1977 ਤੱਕ, ਸ. ਪ੍ਰਕਾਸ਼ ਸਿੰਘ ਬਾਦਲ (ਅਕਾਲੀ ਦਲ) 20/6/1977-17/2/1980 ਤੱਕ, ਸ.ਦਰਬਾਰਾ ਸਿੰਘ (ਕਾਂਗਰਸ) 7/6/1980-6/10/1983 ਤੱਕ, ਸ.ਸੁਰਜੀਤ ਸਿੰਘ ਬਰਨਾਲਾ (ਅਕਾਲੀ ਦਲ) 29/9/1985-11/5/1987 ਤੱਕ, ਸ.ਬੇਅੰਤ ਸਿੰਘ (ਕਾਂਗਰਸ) 25/2/1992-3/8/1995 ਤੱਕ, ਸ.ਹਰਚਰਨ ਸਿੰਘ ਬਰਾੜ (ਕਾਂਗਰਸ) 31/8/1993-21/11/1996 ਤੱਕ, ਸਰਦਾਰਨੀ ਰਾਜਿੰਦਰ ਕੌਰ ਭੱਠਲ (ਕਾਂਗਰਸ) 2/11/1996-11/2/1997 ਤੱਕ, ਸ. ਪ੍ਰਕਾਸ਼ ਸਿੰਘ ਬਾਦਲ (ਅਕਾਲੀ ਦਲ) 12/2/1997-24/2/2002 ਤੱਕ, ਕੈਪਟਨ ਅਮਰਿੰਦਰ ਸਿੰਘ (ਕਾਂਗਰਸ) 25/2/2002-24/2/2007 ਤੱਕ, ਸ.ਪ੍ਰਕਾਸ਼ ਸਿੰਘ ਬਾਦਲ (ਅਕਾਲੀ ਦਲ) 25/2/2007-ਮੌਜੂਦਾ ਸਮੇਂ ਤੱਕ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਰਹੇ।