25 ਕਰੋੜ ਦੀ ਹੈਰੋਇਨ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਹਰਦਿਆਲ ਸਿੰਘ ਮਾਨ। ਉਨ੍ਹਾਂ ਨਾਲ ਬੈਠੇ ਹਨ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਐਸ. ਕੇ. ਰਾਜੂ, ਜਤਿੰਦਰ ਸਿੰਘ ਬੈਨੀਪਾਲ ਐਸ. ਪੀ. ਡੀ.।
ਫ਼ਿਰੋਜ਼ਪੁਰ-ਫੁੱਲਾਂ ਨਾਲ ਸਜੀ ਵਿਆਹ ਵਾਲੀ ਕਾਰ ਦਾ ਭੁਲੇਖਾ ਪਾ ਕੇ ਪੰਜ ਕਿਲੋ ਹੈਰੋਇਨ ਲਿਜਾ ਰਹੇ ਅੰਤਰਰਾਸ਼ਟਰੀ 2 ਸਮਗਲਰਾਂ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ‘ਚ 25 ਕਰੋੜ ਦੱਸੀ ਜਾ ਰਹੀ ਹੈ। ਉਕਤ ਹੈਰੋਇਨ ਦੀ ਵੱਡੀ ਖੇਪ ਹੁਸੈਨੀਵਾਲਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਆਈ ਸੀ, ਜਿਸ ਨੂੰ ਦਿੱਲੀ ਬਾਜ਼ਾਰ ‘ਚ ਪਹੁੰਚਣ ਲਈ ਜੰਮੂ ਕਸ਼ਮੀਰ ਦੇ ਵਾਸੀ ਪਿਓ-ਪੁੱਤਰ ਕਾਰ ਰਾਹੀਂ ਲੈ ਕੇ ਜਾ ਰਹੇ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਸ: ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਵੱਲੋਂ ਜ਼ਿਲ੍ਹੇ ਭਰ ‘ਚ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਥਾਣਾ ਕੁੱਲਗੜੀ ਦੇ ਖੇਤਰ ਜ਼ੀਰਾ ਰੋਡ ‘ਤੇ ਪੈਂਦੇ ਪਿੰਡ ਸਤੀਏ ਵਾਲਾ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਫ਼ਿਰੋਜ਼ਪੁਰ ਛਾਉਣੀ ਵਾਲੇ ਪਾਸਿਓਂ ਇਕ ਚਿੱਟੇ ਰੰਗ ਦੀ ਕਾਰ ਮਾਡਲ ਐਸ. ਐਕਸ. 4. ਨੰਬਰ ਜੇ. ਐਮ. ਯੂ. (ਟੀ). ਏ. ਬੀ. 3142 ਆਉਂਦੀ ਦਿਖਾਈ ਦਿੱਤੀ, ਜਿਸ ਉਪਰ ਫੁੱਲ ਲੱਗੇ ਹੋਏ ਸਨ ਤੇ ਉਹ ਵਿਆਹ ਵਾਲੀ ਕਾਰ ਦਾ ਭੁਲੇਖਾ ਪਾਉਂਦੀ ਸੀ। ਸ਼ੱਕ ਦੇ ਆਧਾਰ ‘ਤੇ ਰੋਕਣ ਸਮੇਂ ਉਸ ਵਿਚ ਦੋ ਵਿਅਕਤੀ ਸਵਾਰ ਸਨ। ਕਾਰ ਦੀ ਤਲਾਸ਼ੀ ਦੌਰਾਨ 5 ਪੈਕਟ ਹੈਰੋਇਨ ਟਾਪ ਕਲਾਸ, ਜਿਸ ਦਾ ਵਜ਼ਨ 5 ਕਿਲੋ ਸੀ, ਬਰਾਮਦ ਹੋਈ।
ਉਕਤ ਪੈਕਟ ‘ਤੇ ਪਾਕਿਸਤਾਨ ਦੀਆਂ ਮੋਹਰਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਵਿਚ ਉਰਦੂ ‘ਚ ਕੁਝ ਲਿਖਿਆ ਸੀ ਤੇ ਨੰਬਰ ਵੀ ਲਿਖੇ ਹੋਏ ਸਨ। ਐਸ. ਐਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਕਰਨ ‘ਤੇ ਦੋਵਾਂ ਵਿਅਕਤੀਆਂ ਦੀ ਪਛਾਣ ਚੌਧਰੀ ਗੁਲਾਮ ਰਸੂਲ ਪੁੱਤਰ ਲਾਭ ਦੀਨ ਅਤੇ ਮਸੂਰ ਅਹਿਮਦ ਪੁੱਤਰ ਚੌਧਰੀ ਗੁਲਾਮ ਰਸੂਲ ਵਾਸੀਆਨ ਗੁਜਰ ਨਗਰ ਥਾਣਾ ਪੀਰ ਮਿੱਠਾ ਜ਼ਿਲ੍ਹਾ ਜੰਮੂ ਵਜੋਂ ਹੋਈ, ਜੋ ਰਿਸ਼ਤੇ ‘ਚ ਪਿਓ-ਪੁੱਤਰ ਸਨ। ਸੀਨੀਅਰ ਪੁਲਿਸ ਕਪਤਾਨ ਸ: ਮਾਨ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮ ਗੁਲਾਮ ਰਸੂਲ ਨੇ ਦੱਸਿਆ ਕਿ ਉਹ ਜੰਮੂ ਵਿਖੇ ਮੱਛੀ ਪਾਲਣ ਵਿਭਾਗ ‘ਚ ਬਤੌਰ ਇੰਸਪੈਕਟਰ ਨੌਕਰੀ ਕਰਦਾ ਸੀ ਤੇ 1992 ‘ਚ ਉਸ ਕੋਲੋਂ ਕਤਲ ਹੋ ਜਾਣ ‘ਤੇ ਉਸ ਨੂੰ 1995 ‘ਚ ਕੈਦ ਹੋ ਗਈ। ਜੇਲ੍ਹ ‘ਚ ਕੈਦ ਕੱਟਣ ਸਮੇਂ ਉਸ ਦੀ ਮੁਲਾਕਾਤ ਸਮਗਲਿੰਗ ਦੇ ਦੋਸ਼ਾਂ ਹੇਠ ਕੈਦ ਕੱਟ ਰਹੇ ਸਮਗਲਰ ਬਿਲਾਲ ਵਾਸੀ ਪਾਕਿਸਤਾਨ ਨਾਲ ਹੋਈ। 2003 ‘ਚ ਚੌਧਰੀ ਗੁਲਾਮ ਰਸੂਲ ਸਜ਼ਾ ਭੁਗਤ ਕੇ ਬਾਹਰ ਆ ਗਿਆ ਤੇ 2007 ‘ਚ ਬਿਲਾਲ ਵੀ ਸਜ਼ਾ ਕੱਟ ਪਾਕਿਸਤਾਨ ਵਾਪਸ ਚਲਾ ਗਿਆ, ਦੋਨਾਂ ‘ਚ ਫਿਰ ਟੈਲੀਫੋਨ ਰਾਹੀਂ ਗੱਲਬਾਤ ਹੁੰਦੀ ਰਹੀ ਤੇ ਉਨ੍ਹਾਂ ਨੇ ਪੈਸੇ ਕਮਾਉਣ ਵਾਸਤੇ ਸਮਗਲਿੰਗ ਸ਼ੁਰੂ ਕਰ ਦਿੱਤੀ। ਐਸ. ਐਸ. ਪੀ. ਨੇ ਦੱਸਿਆ ਕਿ ਮੁਲਜ਼ਮ ਚੌਧਰੀ ਗੁਲਾਮ ਰਸੂਲ ਨੇ ਮੰਨਿਆ ਕਿ ਕਰੀਬ ਮਹੀਨਾ ਪਹਿਲਾਂ ਵੀ ਉਹ ਦੋ ਵਾਰ ਅੰਮ੍ਰਿਤਸਰ ਦੇ ਸ਼ੇਰਾ ਨਾਮੀਂ ਸਮਗਲਰ ਪਾਸੋਂ ਪੰਜ-ਪੰਜ ਕਿੱਲੋ ਹੈਰੋਇਨ ਲੈ ਕੇ ਦਿੱਲੀ ਪਹੁੰਚਾ ਕੇ ਆਇਆ ਸੀ। ਉਸ ਨੇ ਮੰਨਿਆ ਕਿ ਹੁਣ ਵੀ ਉਹ ਪਾਕਿਸਤਾਨ ਤੋਂ ਫੋਨ ਆਉਣ ‘ਤੇ ਹੀ ਫ਼ਿਰੋਜ਼ਪੁਰ ਵਾਸੀ ਕੋਲੋਂ ਇਹ ਪੈਕਟ ਪ੍ਰਾਪਤ ਕਰ ਦਿੱਲੀ ਪਹੁੰਚਾਉਣ ਚੱਲਿਆ ਸੀ, ਜੋ ਵੱਖ-ਵੱਖ ਨਸ਼ੇ ਦੇ ਸੌਦਾਗਰਾਂ ਨੂੰ ਦਿੱਤੇ ਜਾਣੇ ਸਨ। ਪੁਲਿਸ ਥਾਣਾ ਕੁੱਲਗੜੀ ਅੰਦਰ ਮਸੂਦ ਅਹਿਮਦ ਅਤ ਚੌਧਰੀ ਗੁਲਾਮ ਰਸੂਲ ਵਾਸੀ ਗੁਜਰ ਨਗਰ ਖਿਲਾਫ਼ ਪੁਲਿਸ ਨੇ 21/25/29/61/85. ਐਚ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਐਸ. ਕੇ. ਰਾਜੂ, ਜਤਿੰਦਰ ਸਿੰਘ ਬੈਨੀਪਾਲ ਐਸ. ਪੀ. ਡੀ., ਡੀ. ਐਸ. ਪੀ. ਬੀ. ਐਸ. ਬੋਪਾਰਾਏ, ਸੁਲੱਖਣ ਸਿੰਘ ਉਪ ਪੁਲਿਸ ਕਪਤਾਨ ਡਿਟੈਕਟਿਵ ਤੇ ਹੋਰ ਉਚ ਪੁਲਿਸ ਅਧਿਕਾਰੀ ਹਾਜ਼ਰ ਸਨ।