Latest News

PUNJAB NEWS

Share this post

ਕਾਂਗਰਸ ਵਲੋਂ ਟਿਕਟ ਨਾ ਦੇਣ ਦੇ ਖਿਲਾਫ਼ ਹਲਕੇ ਇਕ ਹਜ਼ਾਰ ਪਾਰਟੀ ਵਰਕਰਾਂ ਤੇ ਆਹੁਦੇਦਾਰਾਂ ਵੱਲੋਂ ਅਸਤੀਫੇ
ਜਜ਼ਬਾਤੀ ਮਾਹੌਲ ਵਿਚ ਲੋਕਾਂ ਨੇ ਬਾਹਾਂ ਖੜ੍ਹੀਆਂ ਕਰਕੇ ਦੀਪਇੰਦਰ ਢਿੱਲੋਂ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਿਆ


dhillon 2dhillon 1

ਜ਼ੀਰਕਪੁਰ, 6 ਜਨਵਰੀ :-ਦੀਪਇੰਦਰ ਸਿੰਘ ਢਿੱਲੋਂ ਆਜ਼ਾਦ ਉਮੀਦਵਾਰ ਵਜੋਂ ਡੇਰਾਬਸੀ ਹਲਕੇ ਤੋਂ ਚੋਣ ਮੈਦਾਨ ਵਿਚ ਨਿੱਤਰ ਆਏ ਹਨ। ਕਾਂਗਰਸ ਪਾਰਟੀ ਵਲੋਂ ਦੀਪਇੰਦਰ ਢਿੱਲੋਂ ਦੀ ਪਿਛਲੇ ਵੀਹ ਸਾਲਾਂ ਤੋਂ ਹਲਕੇ ਵਿਚ ਕੀਤੀ ਜਾ ਰਹੀ ਸਿਆਸੀ ਨੁਮਾਇੰਦਗੀ ਨੂੰ ਦਰਕਿਨਾਰ ਕਰਦਿਆਂ ਬਾਹਰੀ ਉਮੀਦਵਾਰ ਨੂੰ ਦਿੱਤੀ ਟਿਕਟ ਦੇ ਖਿਲਾਫ਼ ਅੱਜ ਹਜ਼ਾਰਾਂ ਲੋਕਾਂ ਦਾ ਇਕੱਠ ਉਮੜ ਪਿਆ। ਇਸ ਮੌਕੇ ਲੋਕਾਂ ਨੇ ਆਪਣੇ ਮਹਿਬੂਬ ਨੇਤਾ ਨੂੰ ਪਾਰਟੀ ਟਿਕਟ ਨਾ ਮਿਲਣ ਦੇ ਰੋਸ ਵਿਚ ਨਮ ਅੱਖਾਂ ਨਾਲ ਜਜ਼ਬਾਤੀ ਮਾਹੌਲ ਵਿਚ ਆਜ਼ਾਦ ਚੋਣ ਲੜਨ ਦਾ ਫ਼ਤਵਾ ਸੁਣਾ ਦਿੱਤਾ। ਲੋਕਾਂ ਦੇ ਫ਼ਤਵੇ ਅੱਗੇ ਝੁਕਦਿਆਂ ਦੀਪਇੰਦਰ ਢਿੱਲੋਂ ਨੇ ਬਤੌਰ ਆਜ਼ਾਦ ਉਮੀਦਵਾਰ ਮੈਦਾਨ ਵਿਚ ਨਿਤਰਣ ਦਾ ਐਲਾਨ ਕਰ ਦਿੱਤਾ ਹੈ। ਇਸੇ ਦੌਰਾਨ ਢਿੱਲੋਂ ਨੂੰ ਕਾਂਗਰਸ ਟਿਕਟ ਨਾ ਮਿਲਣ ਦੇ ਰੋਸ ਵਿਚ ਹਲਕਾ ਡੇਰਾਬਸੀ ਦੀ ਪੂਰੀ ਕਾਂਗਰਸ ਲੀਡਰਸ਼ਿਪ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਕਾਂਗਰਸ ਵਿਰੁੱਧ ਬਗਾਵਤ ਦਾ ਬਿਗੁਲ ਵਜਾ ਦਿੱਤਾ ਹੈ।


ਪਿਛਲੇ ਇਕ ਮਹੀਨੇ ਤੋਂ ਕਾਂਗਰਸ ਪਾਰਟੀ ਦੀਆਂ ਟਿਕਟਾਂ ਦੇ ਚੱਲ ਰਹੇ ਰੇੜਕੇ ਤੋਂ ਬਾਅਦ ਆਈ ਸੂਚੀ ਵਿਚ ਦੀਪਇੰਦਰ ਢਿੱਲੋਂ ਦਾ ਨਾਮ ਨਾ ਹੋਣ ਤੋਂ ਬਾਅਦ ਡੇਰਾਬਸੀ ਹਲਕੇ ਵਿਚ ਉਨ੍ਹਾਂ ਦੇ ਸਮਰਥਕ  ਆਪ ਮੁਹਾਰੇ ਹੋ ਗਏ। ਅੱਜ ਜਦੋਂ ਉਨ੍ਹਾਂ ਨੇ ਆਪਣੇ ਸਮਰਥਕ ਆਗੂਆਂ ਦੀ ਰਾਏ ਜਾਨਣ ਲਈ ਬੈਠਕ ਬੁਲਾਈ ਤਾਂ ਇਹ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ। ਇਥੇ ਹਲਕੇ ਦੇ ਕੋਨੇ-ਕੋਨੇ ਤੋਂ ਆਏ ਲੋਕਾਂ ਨੇ ਦੀਪਇੰਦਰ ਢਿੱਲੋਂ ਦੀ ਰਾਇ ਜਾਨਣ ਦੀ ਬਜਾਇ ਆਪਣਾ ਫ਼ਤਵਾ ਸੁਣਾ ਦਿੱਤਾ ਕਿ, ਤੁਸੀਂ ਚੋਣ ਪਿੜ ਵਿਚ ਨਿਤਰੋ, ਅਸੀਂ ਤੁਹਾਡੇ ਨਾਲ ਹਾਂ। ਲੋਕਾਂ ਦੇ ਜੋਸ਼, ਜਜ਼ਬੇ ਅਤੇ ਅਪਣੱਤ ਨੂੰ ਦੇਖਦਿਆਂ ਜਦੋਂ ਦੀਪਇੰਦਰ ਢਿੱਲੋਂ ਨੇ ਸਟੇਜ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਤਾਂ ਨਾਅਰੇ ਮਾਰਦੇ ਉਨ੍ਹਾਂ ਦੇ ਸਮਰਥਕਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਜੋ ਸੰਕੇਤ ਸਨ ਕਿ ਦੀਪਇੰਦਰ ਢਿੱਲੋਂ ਦੇ ਕੀਤੇ ਕੰਮ ਲੋਕਾਂ ਦੇ ਦਿਲਾਂ ਵਿਚ ਵੱਸੇ ਹਨ ਅਤੇ ਡੇਰਾਬਸੀ ਹਲਕੇ ਦੇ ਲੋਕ ਕਿਸੇ ਬਾਹਰੀ ਉਮੀਦਵਾਰ ਨੂੰ ਸਮਰਥਨ ਨਹੀਂ ਦੇਣਗੇ। ਇਸ ਮੌਕੇ ਦੀਪਇੰਦਰ ਢਿੱਲੋਂ ਨੇ ਕਿਹਾ ਕਿ, ‘‘ਪਾਰਟੀ ਨੇ ਮੇਰੇ ਨਾਲ ਧੋਖਾ ਕੀਤਾ ਹੈ ਮੇਰੀ ਵੀਹ ਸਾਲ  ਦੀ ਸੇਵਾ ਨੂੰ ਅੱਖੋਂ ਪਰੋਖੇ ਕਰਕੇ ਬਾਹਰਲੇ ਉਮੀਦਵਾਰ ਨੂੰ ਟਿਕਟ ਦਿਤੀ ਹੈ ਸ੍ਰੀ ਢਿਲੋਂ ਨੇ ਕਿਹਾ ਕਿ ਮੈਨੂੰ ਹਲਕੇ ਦੇ ਲੋਕਾਂ ਤੇ ਵਿਸ਼ਵਾਸ਼ ਹੈ ਮੈਂ ਹੁਣ ਲੋਕਾਂ ਦੇ ਪਿਆਰ ਤੇ ਅਸ਼ੀਰਵਾਦ ਨਾਲ ਇਹ ਹੱਕ ਸੱਚ ਦੀ ਲੜਾਈ ਲੜਾਗਾ।’’ ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ, ਮੈਨੂੰ ਪੈਸੇ ਦੀ ਨਹੀਂ, ਅੱਜ ਤੁਹਾਡੇ ਸਾਥ ਦੀ ਲੋੜ ਹੈ। ਇਸ ਦੇ ਜੁਆਬ ਵਜੋਂ ਇਕੱਤਰ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਦੋਵੇਂ ਬਾਹਵਾਂ ਖੜ੍ਹੀਆਂ ਕਰਕੇ ਢਿੱਲੋਂ ਦੀ ਅਗਵਾਈ ਕਬੂਲਦਿਆਂ ਉਨ੍ਹਾਂ ਨੂੰ ਚੋਣ ਪਿੜ ਵਿਚ ਨਿੱਤਰਣ ਲਈ ਬਲ ਦਿੱਤਾ।
ਇਸ ਮੌਕੇ ਜੋ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ , ਉਹ ਇਹ ਸੀ ਕਿ ਹਲਕੇ ਦੇ ਸਮੂਹ ਕਾਂਗਰਸੀ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਦੀਪਇੰਦਰ ਢਿੱਲੋਂ ਦੀ ਪਿੱਠ ’ਤੇ ਖੜ੍ਹਨ ਦਾ ਐਲਾਨ ਕਰ ਦਿੱਤਾ। ਜਦੋਂ ਕਿ ਵੱਖੋ-ਵੱਖਰੀਆਂ ਬਿਰਾਦਰੀਆਂ ਅਤੇ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਢਿੱਲੋਂ ਨੂੰ ਸਮਰਥਨ ਦੇਣ ਦਾ ਵੀ ਐਲਾਨ ਕੀਤਾ। ਗੁੱਜਰ ਬਰਾਦਰੀ, ਮਹਿਰਾ ਬਰਾਦਰੀ , ਬਾਜੀਗਰ ਬਰਾਦਰੀ, ਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਇਕੱਠ ਵਿਚ ਸ੍ਰੀ ਢਿਲੋਂ ਦੀ ਹਮਾਇਤ ਦਾ ਇਲਾਨ ਕੀਤਾ । ਇਕੱਠ ਵਿਚ ਅੰਨਾ ਹਜ਼ਾਰਾ ਦੀ ਟੀਮ ਨੇ ਮੋਬਾਇਲ ਸੁਨੇਹੇ ਰਾਂਹੀ ਕਿਹਾ ਕਿ ਸਮਾਜ ਨੂੰ ਢਿਲੋਂ ਵਰਗੇ ਇਮਾਨਦਰ ਆਗੂਆਂ ਦੀ ਜਰੂਰਤ ਹੈ ਕਾਂਗਰਸ ਵਰਗੀ ਭ੍ਰਿਸ਼ਟ ਪਾਰਟੀ ਨੂੰ ਨਹੀ ਉਨਾਂ ਸ੍ਰੀ ਢਿਲੋਂ ਦੀ ਹਮਾਇਤ  ਦਾ ਐਲਾਨ ਕਰਦਿਆਂ ਹਲਕੇ ਵਿਚ ਚੋਣ ਪ੍ਰਚਾਰ ਵਿਚ ਆਉਂਣ ਦਾ ਐਲਾਨ ਵੀ ਕੀਤਾ। ਜਿਹੋ-ਜਿਹਾ ਨਜ਼ਾਰਾ ਇਸ ਮੌਕੇ ਨਜ਼ਰ ਆ ਰਿਹਾ ਸੀ, ਉਸ ਤੋਂ ਜਿਥੇ ਇਹ ਝਲਕ ਪੈਂਦੀ ਸੀ ਕਿ ਕਾਂਗਰਸ ਵਲੋਂ ਟਿਕਟ ਨਾ ਦਿੱਤੇ ਜਾਣ ਦੇ ਬਾਵਜੂਦ ਕਾਂਗਰਸੀ ਲੋਕਾਂ ਦੇ ਨੁਮਾਇੰਦੇ ਅੱਜ ਵੀ ਦੀਪਇੰਦਰ ਢਿੱਲੋਂ ਹੀ ਹਨ, ਉਥੇ ਇਹ ਦ੍ਰਿਸ਼ ਵੀ ਉਭਰ ਰਿਹਾ ਸੀ ਕਿ ਕਾਂਗਰਸੀ ਉਮੀਦਵਾਰ ਨੂੰ ਪੰਡਾਲ ਵਿਚ ਤਾਂ ਦੂਰ, ਸਟੇਜ ’ਤੇ ਬਿਠਾਉਣ ਲਈ ਵੀ ਪੰਜ ਅਹੁਦੇਦਾਰ ਨਹੀਂ ਲੱਭਣੇ, ਕਿਉਂਕਿ ਹਲਕੇ ਦੀ ਸਮੂਹ ਕਾਂਗਰਸ ਲੀਡਰਸ਼ਿਪ ਕਾਂਗਰਸ ਨੂੰ ਬੇਦਾਵਾ ਦੇ ਕੇ ਦੀਪਇੰਦਰ ਢਿੱਲੋਂ ਦੇ ਹੱਕ ਵਿਚ ਆ ਡਟੀ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਨਾਲ ਸਬੰਧਤ ਡੇਰਾਬਸੀ ਹਲਕੇ ਵਿਚੋਂ ਅਸਤੀਫ਼ੇ ਦੇਣ ਵਾਲੇ ਅਹੁਦੇਦਾਰਾਂ ਵਿਚ ਸਿਟੀ ਕਾਂਗਰਸ ਡੇਰਾਬਸੀ ਦੇ ਪ੍ਰਧਾਨ ਪ੍ਰੇਮ ਸਿੰਘ , ਜਿਲਾ ਕਾਂਗਰਸ ਦੇ ਜਨਰਲ ਸਕੱਤਰ ਤੇ ਸਿਟੀ ਕਾਂਗਰਸ ਜੀਰਕਪੁਰ ਦੇ ਪ੍ਰਧਾਨ ਉਦੇ ਸਿੰਘ ਰਠੌਰ, ਜਿਲਾ ਜਨਰਲ ਸਕੱਤਰ ਸੁਰਿੰਦਰ ਸਿੰਘ ਸੁਰਸੀਣੀ, ਮੀਤ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਪੰਜਾਬ ਕਾਂਗਰਸ ਦੇ ਸੁਬਾ ਸਕੱਤਰ ਹਰਜਿੰਦਰ ਸਿੰਘ ਭੰਗੂ,  ਜਨਰਲ ਸਕੱਤਰ ਜਸਪਿੰਦਰਪਾਲ  ਗਰੇਵਾਲ, ਗੁਰਚਰਨ ਸਿੰਘ ਛੱਤ, ਕਰਨੈਲ ਸਿੰਘ ਹਿਮਾਂਯੂਪੁਰ, ਲੱਖਾ ਰਾਮ ਦੇਵਸਰ , ਚਾਚਾ ਸੁਰਜੀਤ ਸਿੰਘ ਲਾਲੜੂ  ਆਦਿ ਆਗੂਆਂ ਤੋਂ ਇਲਾਵਾ ਡੇਰਾਬਸੀ ਹਲਕੇ ਤੋਂ ਯੂਥ ਕਾਂਗਰਸ ਦੇ ਚੁਣੇ ਹੋਏ ਆਹੁਦੇਦਾਰਾਂ ਤੇ ਸਾਢੇ ਚਾਰ ਸੌ ਡੈਲੀਗੇਟਾਂ ਦੇ ਅਸ਼ਤੀਫਿਆਂ ਦਾ ਐਲਾਨ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕੀਤਾ ,ਪੀ ਏ ਡੀ ਬੀ ਬੈਂਕ ਦੇ ਸਾਬਕਾ ਵਾਇਸ ਚੇਅਰਮੈਨ । ਜਿਲਾ ਕਾਂਗਰਸ ਦੇ ਸਕੱਤਰ ਰਵਿੰਦਰ ਜੈਨ , ਮੈਂਬਰ ਬਲਾਕ ਸਮਤੀ ਸੁਖਵਿੰਦਰ ਸਿੰਘ ਸੁੱਖਾ, ਰਵਿੰਦਰ ਸਿੰਘ ਈਸਾਪੁਰ ਨੇ ਵੀ ਆਪਣੇ ਆਹੁਦਿਆਂ ਤੋਂ ਅਸਤੀਫੇ ਦਿਤੇ। ਇਸੇ ਤਰ੍ਹਾਂ ਰਾਹੁਲ ਗਾਂਧੀ ਬ੍ਰਿਗੇਡ ਦੇ ਸਥਾਨਕ ਸਮੂਹ ਅਹੁਦੇਦਾਰਾਂ ਨੇ ਉਦੇ ਸਿੰਘ ਰਾਠੌਰ ਦੀ ਅਗਵਾਈ ਵਿਚ ਆਪਣੇ ਅਸਤੀਫ਼ੇ ਦੇ ਦਿੱਤੇ। ਸ਼ਹਿਰੀ ਅਤੇ ਦਿਹਾਤੀ 51 ਮੈਂਬਰੀ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਈਸਾਪੁਰ ਦੀ ਅਗਵਾਈ ਵਿਚ ਪੂਰੀ ਜ਼ਿਲ੍ਹਾ ਮਹਿਲਾ ਟੀਮ ਅਤੇ ਜ਼ੀਰਕਪੁਰ ਦੀ ਮਹਿਲਾ ਕਾਂਗਰਸ ਪ੍ਰਧਾਨ ਬੀਬੀ ਦਵਿੰਦਰ ਕੌਰ ਦੀ ਅਗਵਾਈ ਹੇਠ ਸਥਾਨਕ ਪੂਰੀ ਮਹਿਲਾ ਟੀਮ ਨੇ ਆਪਣੇ ਅਸਤੀਫ਼ੇ ਸੌਂਪ ਦਿੱਤੇ। ਦਿਹਾਤੀ ਮਹਿਲਾ ਪ੍ਰਧਾਨ ਬਲਾਕ ਡੇਰਾਬਸੀ, ਆਲ ਇੰਡੀਆ ਕਾਂਗਰਸ ਦੇ ਸਥਾਨਕ ਸਮੂਹ ਅਹੁਦੇਦਾਰਾਂ ਨੇ ਤਾਂ ਅਸਤੀਫ਼ੇ ਦਿੱਤੇ ਹੀ, ਨਾਲ ਹੀ ਹਲਕਾ ਡੇਰਾਬਸੀ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਦੀ ਅਗਵਾਈ ਹੇਠ ਪੂਰੀ ਯੂਥ ਟੀਮ ਨੇ ਵੀ ਅਸਤੀਫ਼ੇ ਦੇ ਕੇ ਦੀਪਇੰਦਰ ਢਿੱਲੋਂ ਦਾ ਝੰਡਾ ਚੁੱਕ ਲਿਆ ਹੈ।
ਦੀਪਇੰਦਰ ਸਿੰਘ ਢਿੱਲੋਂ ਦੇ ਸਪੁੱਤਰ ਉਦੇਵੀਰ ਸਿੰਘ ਢਿਲੋਂ ਨੇ ਦੱਸਿਆ ਕਿ ਸ੍ਰੀ ਢਿਲੋਂ ਪਿੰਡ ਖੇਲਣ ਤੋਂ ਆਪਣੀ ਚੋਣ ਮੁਹਿੰਮ ਸੱਤ ਜਨਵਰੀ ਤੋਂ  ਵਿੱਢਣਗੇ ਅਤੇ ਫ਼ਿਰ 11 ਜਨਵਰੀ ਨੂੰ ਡੇਰਾਬਸੀ ਦੇ ਰਾਮ ਲੀਲਾ ਮੈਦਾਨ ਵਿਚ ਵੱਡੀ ਇਕੱਤਰਤਾ ਕਰਕੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰਨਗੇ। ਅੱਜ ਦੀ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਰਾਜਪੂਤ ਸਭਾ, ਅਖਿਲ ਭਾਰਤੀ ਖੱਤਰੀ ਸਭਾ, ਬਾਜੀਗਰ ਭਾਈਚਾਰਾ, ਸੈਣੀ ਭਾਈਚਾਰਾ, ਬਾਵਲਪੁਰੀਆ, ਸ਼ਿਕਲੀਗਰ, ਬ੍ਰਾਹਮਣ ਸਭਾ, ਪ੍ਰਜਾਪਤ ਸਭਾ,ਕਿਸਾਨ ਜਥੇਬੰਦੀਆਂ, ਵੱਖੋ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ, ਸੇਵਾਮੁਕਤ ਫ਼ੌਜੀ ਸਭਾਵਾਂ ਅਤੇ ਵਕੀਲਾਂ ਨੇ ਦੀਪਇੰਦਰ ਸਿੰਘ ਢਿੱਲੋਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਅੱਜ ਦੇ ਪੂਰੇ ਸਮਾਗਮ ਤੋਂ ਹਲਕੇ ਦਾ ਜੋ ਪਹਿਲਾ ਦ੍ਰਿਸ਼ ਉਭਰ ਕੇ ਸਾਹਮਣੇ ਆਇਆ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਡੇਰਾਬਸੀ ਹਲਕੇ ਵਿਚ ਚੋਣ ਮੈਦਾਨ ਵਿਚ ਉਤਰਣ ਤੋਂ ਪਹਿਲਾਂ ਹੀ ਟਰੈਕ ਤੋਂ ਬਾਹਰ ਹੋ ਗਈ ਹੈ।

Category: PUNJAB NEWS

E-PAPERS

1328-title-page01

Most Read News