Latest News

ARTICLES

Share this post

24 ਦਸੰਬਰ ਨੂੰ ਬਰਸੀ ’ਤੇ ਵਿਸ਼ੇਸ਼
ਦਮਦਮੀ ਟਕਸਾਲ ਦੇ ਪੰਦਰਵੇਂ ਮੁਖੀ ਸੰਤ ਬਾਬਾ ਠਾਕਰ ਸਿੰਘ ਦਾ ਜਨਮ 1915 ਈ: ਨੂੰ ਨਗਰ ਈਚੋਗਿੱਲ ਜ਼ਿਲ੍ਹਾ ਲਾਹੌਰ (ਅੱਜਕਲ੍ਹ ਪਾਕਿਸਤਾਨ) ਵਿਚ ਪਿਤਾ ਬਹਾਦਰ ਸਿੰਘ ਦੇ ਘਰ ਮਾਤਾ ਪ੍ਰੇਮ ਕੌਰ ਦੀ ਪਵਿੱਤਰ ਕੁੱਖ ਤੋਂ ਹੋਇਆ। ਆਪ ਦੇ ਮਾਤਾ-ਪਿਤਾ ਦੋਵੇਂ ਹੀ ਅੰਮ੍ਰਿਤਧਾਰੀ ਰਹਿਤ ਵਿਚ ਪ੍ਰਪੱਕ ਅਤੇ ਨਿਤਨੇਮੀ ਸਨ। ਘਰੇਲੂ ਜੀਵਨ ਵਿਚ ਆਪ ਦੇ ਤਿੰਨ ਭਰਾ ਸ: ਸ਼ਮੀਰ ਸਿੰਘ, ਰਤਨ ਸਿੰਘ ਅਤੇ ਵੀਰ ਸਿੰਘ, ਦੋ ਭੈਣਾਂ ਬੀਬੀ ਰਾਮ ਕੌਰ ਅਤੇ ਬੀਬੀ ਸਵਰਨ ਕੌਰ ਸਨ। ਪਾਕਿਸਤਾਨ ਬਣਨ ਤੋਂ ਬਾਅਦ ਆਪ ਦਾ ਸਾਰਾ ਪਰਿਵਾਰ ਭਾਰਤ ਆ ਗਿਆ ਅਤੇ ਹੁਣ ਫਿਰੋਜ਼ਪੁਰ ਜ਼ਿਲ੍ਹੇ ਵਿਚ ਮੱਖੂ ਨੇੜੇ ਪਿੰਡ ਸਦਰਵਾਲਾ ਵਿਖੇ ਰਹਿ ਰਿਹਾ ਹੈ। ਬਚਪਨ ਤੋਂ ਹੀ ਆਪ ਮਸਤ ਸੁਭਾਅ ਵਾਲੇ, ਸਿਮਰਨ ਬੰਦਗੀ ਕਰਨ ਵਾਲੇ, ਪਰਉਪਕਾਰੀ, ਦਇਆਲੂ, ਸ਼ਾਂਤ ਚਿੱਤ, ਨਾਮ ਬਾਣੀ ਦੇ ਰਸੀਏ ਅਤੇ ਸਤਿਗੁਰਾਂ ਉੱਪਰ ਨਿਸ਼ਚਾ ਰੱਖਣ ਵਾਲੇ ਸਨ। ਕੁਝ ਵੱਡੀ ਅਵਸਥਾ ਹੋਣ ’ਤੇ ਆਪ ਘਰ ਦੇ ਕੰਮ, ਖੇਤੀ ਅਤੇ ਮੱਝਾਂ ਆਦਿ ਦੀ ਸੰਭਾਲ ਵਿਚ ਬੜੀ ਲਗਨ ਨਾਲ ਲੱਗੇ ਰਹਿੰਦੇ ਅਤੇ ‘ਹਾਥ ਪਾਉ ਕਰਿ ਕਾਮੁ ਸਭੁ ਚੀਤ ਨਿਰੰਜਨ ਨਾਲਿ॥’ ਦੇ ਮਹਾਂਵਾਕ ਅਨੁਸਾਰ ਆਪਣੀ ਬਿਰਤੀ ਸਦਾ ਹੀ ਪ੍ਰਭੂ ਭਗਤੀ ਵਿਚ ਜੋੜੀ ਰੱਖਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ, ਕਥਾ ਕੀਰਤਨ ਸੁਣਨਾ,

ਨਾਮ ਜਪਣਾ-ਜਪਾਉਣਾ ਆਪ ਦੇ ਨਿੱਤ ਦੇ ਕਰਮ ਸਨ। 1945 ਈ: ਨੂੰ ਆਪ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸੰਪਰਕ ਵਿਚ ਆ ਗਏ।
ਸੰਤਾਂ ਦੀ ਪ੍ਰੇਰਨਾ ਸਦਕਾ ਆਪ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਅਤੇ ਪੱਕੇ ਤੌਰ ’ਤੇ ਜਥੇ ਵਿਚ ਰਹਿ ਕੇ ਸੇਵਾ ਕਰਨ ਲੱਗ ਪਏ। ਗਿਆਨੀ ਗੁਰਬਚਨ ਸਿੰਘ ਦੇ ਸੱਚਖੰਡ ਜਾਣ ਤੱਕ ਆਪ ਨੇ ਪੂਰੇ 22 ਸਾਲ ਸੰਤਾਂ ਦੇ ਗੜਵਈ ਬਣ ਕੇ ਸੇਵਾ ਕੀਤੀ। ਮਹਾਂਪੁਰਖਾਂ ਦੇ ਸੱਚਖੰਡ ਜਾਣ ਤੋਂ ਬਾਅਦ ਆਪ ਜੀ ਨੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਦੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਵਜੋਂ ਦਸਤਾਰਬੰਦੀ ਆਪ ਕੀਤੀ। ਸੰਤ ਗਿਆਨੀ ਕਰਤਾਰ ਸਿੰਘ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਦਮਦਮੀ ਟਕਸਾਲ ਦੇ ਮੁਖੀ ਬਣੇ। ਸੰਤ ਬਾਬਾ ਠਾਕੁਰ ਸਿੰਘ ਨੂੰ ਕਦੇ ਵੀ ਕਿਸੇ ਨੇ ਉੱਚੀ ਆਵਾਜ਼ ਵਿਚ ਗੱਲ ਕਰਦਿਆਂ ਨਹੀਂ ਸੀ ਸੁਣਿਆ। ਆਪ ਬਹੁਤ ਹੀ ਮਿਠਬੋਲੜੇ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ। ਇਸੇ ਕਰਕੇ ਬਾਕੀ ਮਹਾਂਪੁਰਖਾਂ ਵਾਂਗ ਸੰਤ ਜਰਨੈਲ ਸਿੰਘ ਵੀ ਆਪ ਦਾ ਬਹੁਤ ਸਤਿਕਾਰ ਕਰਦੇ। ਸੰਤ ਜਰਨੈਲ ਸਿੰਘ ਨੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਚਨ ਕਹੇ ਸਨ, ‘ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ, ਕੋਈ ਐਸਾ ਸਮਾਂ ਬਣ ਜਾਵੇ.... ਤਾਂ ਸਾਰੀਆਂ ਸੰਗਤਾਂ ਨੇ ਬਾਬਾ ਠਾਕਰ ਸਿੰਘ ਜੀ ਨੂੰ ਸਹਿਯੋਗ ਦੇਣਾ। ਸਮਾਂ ਆਇਆ, ਸਾਕਾ ਨੀਲਾ ਤਾਰਾ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਸ਼ਹੀਦ ਹੋ ਗਏ ਅਤੇ ਦਮਦਮੀ ਟਕਸਾਲ ਦੀ ਵਾਗਡੋਰ ਸੰਗਤਾਂ ਨੇ ਬਾਬਾ ਠਾਕੁਰ ਸਿੰਘ ਨੂੰ ਸੌਂਪ ਦਿੱਤੀ।
ਆਪ ਨੇ ਇਹ ਸੇਵਾ ਬੜੀ ਤਨਦੇਹੀ ਨਾਲ ਨਿਭਾਈ। ਬਾਬਾ ਜੀ ਨੇ ਦਮਦਮੀ ਟਕਸਾਲ ਵੱਲੋਂ ਕੀਤੇ ਜਾ ਰਹੇ ਸਿੱਖੀ ਦੇ ਪ੍ਰਚਾਰ ਨੂੰ ਨਿਰੰਤਰ ਜਾਰੀ ਰੱਖਿਆ। ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ। ਸਾਕਾ ਨੀਲਾ ਤਾਰਾ ਵੇਲੇ ਗ੍ਰਿਫਤਾਰ ਹੋਏ ਸਿੰਘਾਂ ’ਤੇ ਪਏ ਮੁਕੱਦਮਿਆਂ ਦੀ ਪੈਰਵਾਈ ਕੀਤੀ। ਨਜ਼ਰਬੰਦ ਸਿੰਘਾਂ ਦੀ ਹਰ ਜ਼ਰੂਰਤ ਪੂਰੀ ਕੀਤੀ ਅਤੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਵੀ ਹਰ ਤਰ੍ਹਾਂ ਸੇਵਾ-ਸੰਭਾਲ ਕੀਤੀ। ਆਪਣਾ ਸਾਰਾ ਜੀਵਨ ਸੇਵਾ-ਸਿਮਰਨ ਕਰਦਿਆਂ ਆਪ 24 ਦਸੰਬਰ, 2004 ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਨ ਉਪਰੰਤ ਸਵੇਰੇ 6 ਵਜੇ ‘ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥ ਜੀਵਨ ਸਾਹਿਬ ਸੇਵਿਓ ਅਪੁਨਾ ਚਲਤੇ ਰਾਖਿਓ ਜੀਤ॥’ ਦੇ ਮਹਾਂਵਾਕ ਅਨੁਸਾਰ ਗੁਰੂ-ਚਰਨਾਂ ਵਿਚ ਜਾ ਬਿਰਾਜੇ। ਆਪ ਦੀਆਂ ਸਿੱਖ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਬੜੇ ਮਾਣ ਨਾਲ ਯਾਦ ਕੀਤਾ ਜਾਂਦਾ ਹੈ। ਦੇਸ਼-ਵਿਦੇਸ਼ਾਂ ਵਿਚ ਆਪ ਦੀ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ। ਵਿਸ਼ੇਸ਼ ਸਮਾਗਮ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ 23-24 ਦਸੰਬਰ ਨੂੰ ਕੀਤੇ ਜਾ ਰਹੇ ਹਨ।

Category: ARTICLES

E-PAPERS

1328-title-page01

Most Read News